ਸਰਕਾਰੀ ਮਿਡਲ ਸਕੂਲ ਆਲੋਵਾਲ ਨੇ ਬਲਾਕ ਪੱਧਰੀ ਵਿਸ਼ਾ ਮੇਲੇ ’ਚ ਰਚਿਆ ਇਤਿਹਾਸ
ਨਕੋਦਰ, 18 ਨਵੰਬਰ (ਗੁਰਵਿੰਦਰ ਸਿੰਘ)-ਪੀ. ਐੱਮ.
ਨਕੋਦਰ, 18 ਨਵੰਬਰ (ਗੁਰਵਿੰਦਰ ਸਿੰਘ)-ਪੀ.ਐੱਮ. ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਮਹਿਤਪੁਰ ਵਿਖੇ ਬਲਾਕ ਨਕੋਦਰ-2 ਵਲੋਂ ਕਰਵਾਏ ਬਲਾਕ ਪੱਧਰੀ ਵਿਸ਼ਾ ਮੇਲੇ ’ਚ ਸਰਕਾਰੀ ਮਿਡਲ ਸਕੂਲ ਆਲੋਵਾਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨਾਂ ਹੀ ਉਪ-ਵਿਸ਼ਿਆਂ ’ਚ ਪਹਿਲਾ ਸਥਾਨ ਪ੍ਰਾਪਤ ਕਰਕੇ ਇਤਿਹਾਸ ਰਚ ਦਿੱਤਾ। ਪਹਿਲੇ ਉਪ-ਵਿਸ਼ੇ ਜੀਵਨ ’ਚ ਗਿਆਨ ਦੀ ਵਿਹਾਰਕ ਵਰਤੋਂ ਅਧੀਨ ਹਰਮਨ ਤੇ ਸਲੋਨੀ, ਦੂਜੇ ਉਪ-ਵਿਸ਼ੇ ਕਲਾ ਰਾਹੀਂ ਸਿੱਖਿਆ ਅਧੀਨ ਮਨਜੋਤ ਤੇ ਮਨਰੀਤ ਤੇ ਤੀਜੇ ਉਪ-ਵਿਸ਼ੇ ਭਾਰਤੀ ਵਿਰਾਸਤ ਤੇ ਜੀਵਨ-ਦਰਸ਼ਨ ਅਤੀਤ, ਵਰਤਮਾਨ ਤੇ ਭਵਿੱਖ ਦਾ ਸੰਗਮ ਅਧੀਨ ਨਵਜੋਤ ਤੇ ਅਨੁਸ਼ਕਾ ਨੇ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ। ਇਹ ਵਿਸ਼ਾ ਮੇਲਾ ਬਲਾਕ ਨੋਡਲ ਅਫ਼ਸਰ ਸ੍ਰੀਮਤੀ ਰੁਚੀ ਆਹੂਜਾ ਤੇ ਮੇਜ਼ਬਾਨ ਸਕੂਲ ਦੀ ਇੰਚਾਰਜ ਸ੍ਰੀਮਤੀ ਕੁਲਜੀਤ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ। ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਮੁਕਾਮ ਤੱਕ ਪਹੁੰਚਾਉਣ ਲਈ ਮਾਰਗਦਰਸ਼ਕ ਅਧਿਆਪਕ ਸੰਨੀ ਛਾਬੜਾ ਤੇ ਗੌਰਵੀ ਨੇ ਵਿਸ਼ੇਸ਼ ਮਿਹਨਤ ਤੇ ਯੋਗ ਅਗਵਾਈ ਪ੍ਰਦਾਨ ਕੀਤੀ। ਸਕੂਲ ਦੀਆਂ ਅਧਿਆਪਕਾਵਾਂ ਗੀਤਾ ਰਾਣੀ ਤੇ ਸ੍ਰੀਮਤੀ ਆਰਤੀ ਥਰੇਜਾ ਨੇ ਵੀ ਵਿਦਿਆਰਥੀਆਂ ਦੀ ਤਿਆਰੀ ਵਿੱਚ ਅਹਿਮ ਯੋਗਦਾਨ ਪਾਇਆ। ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ। ਸਕੂਲ ਦੀ ਆਹਰਣ ਤੇ ਨਿਗਰਾਨ ਅਧਿਕਾਰੀ (ਡੀ.ਡੀ.ਓ.) ਸ੍ਰੀਮਤੀ ਪੂਨਮ ਕੁਮਾਰੀ ਨੇ ਇਸ ਮਾਣਮੱਤੀ ਪ੍ਰਾਪਤੀ ਲਈ ਵਿਦਿਆਰਥੀਆਂ ਤੇ ਸਮੁੱਚੇ ਸਟਾਫ਼ ਨੂੰ ਵਧਾਈ ਦਿੱਤੀ, ਜਦਕਿ ਸਕੂਲ ਇੰਚਾਰਜ ਸ੍ਰੀਮਤੀ ਸੁਰਿੰਦਰ ਕੌਰ ਨੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਮਾਰਗਦਰਸ਼ਕ ਅਧਿਆਪਕ ਸੰਨੀ ਛਾਬੜਾ ਨੇ ਕਿਹਾ ਕਿ ਇਹ ਜਿੱਤ ਬੱਚਿਆਂ ਦੀ ਅਣਥੱਕ ਮਿਹਨਤ, ਵਿਗਿਆਨਕ ਸੋਚ, ਆਤਮ-ਵਿਸ਼ਵਾਸ ਅਤੇ ਅਧਿਆਪਕਾਂ ਦੇ ਸਾਂਝੇ ਯਤਨਾਂ ਦਾ ਨਤੀਜਾ ਹੈ।