ਪਿੰਡ ਤੇਹਿੰਗ ’ਚ ਕਿਸਾਨਾਂ ਅਤੇ ‘ਆਪ’ ਆਗੂਆਂ ਨੇ ਨਵ- ਨਿਯੁਕਤ ਚੇਅਰਮੈਨ ਸੁਖਦੀਪ ਸਿੰਘ ਅੱਪਰਾ ਦਾ ਕੀਤਾ ਸਨਮਾਨ
ਫਿਲੌਰ, 18 ਨਵੰਬਰ (ਸਤਿੰਦਰ ਸ਼ਰਮਾ)-ਨੇੜਲੇ ਪਿੰਡ ਤੇਹਿੰਗ ਵਿਖੇ ਕਿਸਾਨਾਂ, ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਤੇ ਵਲੰਟੀਅਰਾਂ ਨੇ ਮਾਰਕੀਟ ਕਮੇਟੀ ਫਿਲੌਰ ਦੇ ਨਵ-ਨਿਯੁਕਤ ਚੇਅਰਮੈਨ ਸੁਖਦੀਪ ਸਿੰਘ ਅੱਪਰਾ ਨੂੰ ਸਨਮਾਨਿਤ ਕੀਤਾ। ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਇਲਾਕੇ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਤੇ ਉਨ੍ਹਾਂ ਦੇ ਹੱਲ ਦੀ ਮੰਗ ਕੀਤੀ।
ਫਿਲੌਰ, 18 ਨਵੰਬਰ (ਸਤਿੰਦਰ ਸ਼ਰਮਾ)-ਨੇੜਲੇ ਪਿੰਡ ਤੇਹਿੰਗ ਵਿਖੇ ਕਿਸਾਨਾਂ, ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਤੇ ਵਲੰਟੀਅਰਾਂ ਨੇ ਮਾਰਕੀਟ ਕਮੇਟੀ ਫਿਲੌਰ ਦੇ ਨਵ-ਨਿਯੁਕਤ ਚੇਅਰਮੈਨ ਸੁਖਦੀਪ ਸਿੰਘ ਅੱਪਰਾ ਨੂੰ ਸਨਮਾਨਿਤ ਕੀਤਾ। ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਇਲਾਕੇ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਤੇ ਉਨ੍ਹਾਂ ਦੇ ਹੱਲ ਦੀ ਮੰਗ ਕੀਤੀ। ਪਿੰਡ ਵਾਸੀਆਂ ਨੇ ਸਰਕਾਰੀ ਸਕੂਲ ਤੋਂ ਲੈ ਕੇ ਪਿੰਡ ਦੇ ਉਪਰਲੇ ਪਾਸੇ ਤੋਂ ਲੰਘਦੀ ਸੜਕ ਦੀ ਖਸਤਾ ਹਾਲਤ ਬਾਰੇ ਚੇਅਰਮੈਨ ਸੁਖਦੀਪ ਸਿੰਘ ਅੱਪਰਾ ਨੂੰ ਜਾਣਕਾਰੀ ਦਿੱਤੀ। ਚੇਅਰਮੈਨ ਅੱਪਰਾ ਨੇ ਮੌਕੇ ’ਤੇ ਹੀ ਸੰਬੰਧਤ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਸੜਕ ਦੇ ਨਿਰਮਾਣ ਸੰਬੰਧੀ ਜਾਣਕਾਰੀ ਪ੍ਰਾਪਤ ਕੀਤੀ ਤੇ ਕੰਮ ਮੁਕੰਮਲ ਹੋਣ ਦੀ ਸੰਭਾਵਿਤ ਸਮਾਂ-ਸੀਮਾ ਬਾਰੇ ਪੁੱਛਿਆ। ਕਿਸਾਨਾਂ ਤੇ ਵਪਾਰੀਆਂ ਨੇ ਮੰਗ ਉਠਾਈ ਕਿ ਫਿਲੌਰ ਦਾਣਾ ਮੰਡੀ ਵਿਚ ਸਬਜ਼ੀ ਦੀ ਆੜ੍ਹਤ ਸ਼ੁਰੂ ਕੀਤੀ ਜਾਵੇ ਅਤੇ ਸ਼ਹਿਰ ਫਿਲੌਰ ’ਚ ਚੱਲ ਰਹੀ ਸਬਜ਼ੀ ਮੰਡੀ ਨੂੰ ਸ਼ਹਿਰ ਤੋਂ ਬਾਹਰ ਤਬਦੀਲ ਕੀਤਾ ਜਾਵੇ, ਤਾਂ ਜੋ ਕਿਸਾਨਾਂ, ਵਪਾਰੀਆਂ ਅਤੇ ਆਮ ਲੋਕਾਂ ਨੂੰ ਸਹੂਲਤ ਮਿਲ ਸਕੇ। ਇਸ ’ਤੇ ਚੇਅਰਮੈਨ ਅੱਪਰਾ ਨੇ ਭਰੋਸਾ ਦਵਾਇਆ ਕਿ ਉਹ ਜਲਦ ਹੀ ਸੰਬੰਧਤ ਅਧਿਕਾਰੀਆਂ ਨਾਲ ਇਸ ਮਾਮਲੇ ’ਤੇ ਗੱਲਬਾਤ ਕਰਨਗੇ ਅਤੇ ਕੁਝ ਦਿਨਾਂ ਅੰਦਰ ਫਿਲੌਰ ਦਾਣਾ ਮੰਡੀ ਵਿਚ ਸਬਜ਼ੀ ਮੰਡੀ ਸ਼ੁਰੂ ਕਰਵਾਉਣ ਲਈ ਲੋੜੀਂਦੀ ਕਾਰਵਾਈ ਅੱਗੇ ਵਧਾਉਣਗੇ। ਸਮਾਜ ਸੇੇਵੀ ਤੀਰਥ ਸਿੰਘ ਜੌਹਲ ਨੇ ਪਿੰਡ ਦੀਆਂ ਹੋਰ ਸਮੱਸਿਆਵਾਂ ਵੀ ਚੇਅਰਮੈਨ ਅੱਪਰਾ ਦੇ ਧਿਆਨ ਵਿਚ ਲਿਆਂਦੀਆਂ। ਸੁਖਦੀਪ ਸਿੰਘ ਅੱਪਰਾ ਨੇ ਕਿਹਾ ਕਿ ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਲਕੇ ਦੇ ਹਰ ਪਿੰਡ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਅਤੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਸਰਪੰਚ ਨਿਰਮਲ ਸਿੰਘ, ਸੁਖਦੇਵ ਸਿੰਘ, ਸੁਖਰਾਜ ਸਿੰਘ, ਲਖਵਿੰਦਰ ਸਿੰਘ, ਸੁਖਵੰਤ ਸਿੰਘ, ਗੁਰਜੀਤ ਸਿੰਘ, ਹਰਵਿੰਦਰ ਸਿੰਘ, ਬਲਬੀਰ ਰਾਮ, ਜਤਿੰਦਰ ਸਿੰਘ, ਜਿੰਦਰ ਰਾਮ, ਸ਼ਿੰਦਾ ਸਿੰਘ, ਮਨਮੋਹਨ ਸਿੰਘ, ਲਸ਼ਕਰੀ ਰਾਮ, ਜਸਵਿੰਦਰ ਸਿੰਘ ਅਤੇ ਮੰਗਲ ਸਿੰਘ ਆਦਿ ਪਤਵੰਤੇ ਹਾਜ਼ਰ ਸਨ।