ਐੱਨ.ਐੱਚ. 44 ’ਤੇ 21.40 ਕਰੋੜ ਰੁਪਏ ਦੇ ਡਰੇਨੇਜ਼ ਪ੍ਰਾਜੈਕਟ ਨੂੰ ਮਨਜ਼ੂਰੀ
ਜਲੰਧਰ, 26 ਨਵੰਬਰ (ਮੋਹਿਤ ਸਿੰਘ)-ਬਰਸਾਤ ਦੇ ਮੌਸਮ ਦੌਰਾਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਪਾਣੀ ਭਰਨ ਦੀ ਸਮੱਸਿਆ ਤੋਂ ਲੋਕਾਂ ਨੂੰ ਜਲਦ ਰਾਹਤ ਮਿਲਣ ਦੀ ਉਮੀਦ ਜਾਗੀ ਹੈ। ਨੈਸ਼ਨਲ ਹਾਈਵੇਅ-44 ’ਤੇ ਡਰੇਨੇਜ਼ ਪ੍ਰਬੰਧ ਨੂੰ ਬਿਹਤਰ ਬਣਾਉਣ ਲਈ 21 ਕਰੋੜ 40 ਲੱਖ ਰੁਪਏ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਮਿਲ ਗਈ ਹੈ।
ਜਲੰਧਰ, 26 ਨਵੰਬਰ (ਮੋਹਿਤ ਸਿੰਘ)-ਬਰਸਾਤ ਦੇ ਮੌਸਮ ਦੌਰਾਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਪਾਣੀ ਭਰਨ ਦੀ ਸਮੱਸਿਆ ਤੋਂ ਲੋਕਾਂ ਨੂੰ ਜਲਦ ਰਾਹਤ ਮਿਲਣ ਦੀ ਉਮੀਦ ਜਾਗੀ ਹੈ। ਨੈਸ਼ਨਲ ਹਾਈਵੇਅ-44 ’ਤੇ ਡਰੇਨੇਜ਼ ਪ੍ਰਬੰਧ ਨੂੰ ਬਿਹਤਰ ਬਣਾਉਣ ਲਈ 21 ਕਰੋੜ 40 ਲੱਖ ਰੁਪਏ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਮਿਲ ਗਈ ਹੈ। ਇਸ ਪ੍ਰਾਜੈਕਟ ਦੇ ਪੂਰਾ ਹੋਣ ਨਾਲ ਪੀ.ਏ.ਪੀ. ਚੌਕ ਤੋਂ ਮਕਸੂਦਾਂ ਤੱਕ ਦੇ ਇਲਾਕੇ ’ਚ ਰਹਿਣ ਵਾਲੇ ਕਰੀਬ ਡੇਢ ਲੱਖ ਲੋਕਾਂ ਤੇ ਹਾਈਵੇ ਤੇ ਸਰਵਿਸ ਲੇਨ ਤੋਂ ਲੰਘਣ ਵਾਲੇ ਵਾਹਨਾਂ ਨੂੰ ਵੱਡੀ ਰਾਹਤ ਮਿਲਣ ਦੀ ਸੰਭਾਵਨਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਯੋਜਨਾ ਤਹਿਤ ਨੈਸ਼ਨਲ ਹਾਈਵੇਅ ਦੇ ਦੋਵੇਂ ਪਾਸੇ ਕਰੀਬ 7.5 ਕਿਲੋਮੀਟਰ ਲੰਬੀਆਂ ਭੂਮੀਗਤ ਡਰੇਨੇਜ ਪਾਈਪਾਂ ਵਿਛਾਈਆਂ ਜਾਣਗੀਆਂ। ਇਨ੍ਹਾਂ ਪਾਈਪਾਂ ਰਾਹੀਂ ਬਰਸਾਤੀ ਪਾਣੀ ਨੂੰ ਬੇਅੰਤ ਸਿੰਘ ਪਾਰਕ ਤੱਕ ਪਹੁੰਚਾਇਆ ਜਾਵੇਗਾ, ਜਿੱਥੇ ਬਣਾਏ ਜਾਣ ਵਾਲੇ ਪੰਪਿੰਗ ਸਟੇਸ਼ਨ ਦੀ ਮਦਦ ਨਾਲ ਪਾਣੀ ਨੂੰ ਕਾਲਾ ਸੰਘਿਆਂ ਡਰੇਨ ਵਿੱਚ ਛੱਡਿਆ ਜਾਵੇਗਾ। ਇਸ ਪ੍ਰਾਜੈਕਟ ਨਾਲ ਲੰਮਾ ਪਿੰਡ, ਅਮਨ ਨਗਰ, ਟਰਾਂਸਪੋਰਟ ਨਗਰ ਤੇ ਮਕਸੂਦਾਂ ਸਮੇਤ ਕਈ ਇਲਾਕਿਆਂ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਘਟਣ ਦੀ ਉਮੀਦ ਹੈ। ਇਨ੍ਹਾਂ ਇਲਾਕਿਆਂ ਦੇ ਵਸਨੀਕਾਂ ਨੂੰ ਹਰ ਸਾਲ ਮੀਂਹ ਪੈਣ ਸਮੇਂ ਸੜਕਾਂ ’ਤੇ ਪਾਣੀ ਖੜ੍ਹਾ ਹੋਣ ਕਾਰਨ ਆਵਾਜਾਈ ਅਤੇ ਰੋਜ਼ਾਨਾ ਦੇ ਕੰਮਾਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪ੍ਰਾਜੈਕਟ ਦਾ ਕੰਮ ਜਲਦ ਸ਼ੁਰੂ ਹੋਣ ਦੀ ਸੰਭਾਵਨਾ ਹੈ।