ਸ੍ਰੀ ਮੁਕਤਸਰ ਸਾਹਿਬ, 31 ਜਨਵਰੀ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਵਾਰਡ ਨੰਬਰ 15 ਤੋਂ ਕੌਂਸਲਰ ਮਨਜੀਤ ਕੌਰ ਪਾਸ਼ਾ ਦੇ ਪਤੀ ਪਰਮਿੰਦਰ ਸਿੰਘ ਪਾਸ਼ਾ ਸਾਬਕਾ ਕੌਂਸਲਰ ਅਤੇ ਸਾਬਕਾ ਵਿਧਾਇਕ ਬਲਦੇਵ ਸਿੰਘ ਬੱਲਮਗੜ੍ਹ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੂੰ ਵਾਰਡ ਵਾਸੀਆਂ ਦੇ ਨਾਲ ਜਾ ਕੇ ਵਾਰਡ ਨੰਬਰ 15 ਵਿਚ ਜਲਦ ਹੀ ਕੰਮ ਸ਼ੁਰੂ ਕਰਵਾਉਣ ਲਈ ਮੰਗ ਪੱਤਰ ਦਿੱਤਾ, ਜਿਸ ਵਿਚ ਸੀਵਰੇਜ਼ ਪਾਉਣ ਅਤੇ ਗਲੀਆਂ ਬਣਾਉਣ ਦੇ ਕੰਮ ਸ਼ਾਮਿਲ ਹਨ | ਪਰਮਿੰਦਰ ਸਿੰਘ ਪਾਸ਼ਾ ਨੇ ਦੱਸਿਆ ਕਿ ਇਸ ਵਾਰਡ ਦੇ ਵਿਕਾਸ ਕਾਰਜਾਂ ਲਈ ਸਾਢੇ 4 ਕਰੋੜ ਰੁਪਏ ਮਨਜ਼ੂਰ ਕਰਵਾਏ ਗਏ ਹਨ, ਪਰ 9 ਮਹੀਨੇ ਬੀਤ ਜਾਣ 'ਤੇ ਵੀ ਲੋਕਲ ਬਾਡੀਜ਼ ਦੇ ਸਕੱਤਰ ਕੋਲੋਂ ਪ੍ਰਵਾਨਗੀ ਨਹੀਂ ਆਈ | ਉਨ੍ਹਾਂ ਦੱਸਿਆ ਕਿ ਹਲਕਾ ਵਿਧਾਇਕ ਨੂੰ ਮੰਗ ਪੱਤਰ ਦੇਣ ਦੇ ਨਾਲ-ਨਾਲ ਮੁੱਖ ਮੰਤਰੀ ਪੰਜਾਬ, ਸੈਕਟਰੀ ਲੋਕਲ ਬਾਡੀਜ਼ ਅਤੇ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੂੰ ਵੀ ਮੰਗ ਪੱਤਰ ਭੇਜੇ ਗਏ ਹਨ, ਜਿਸ ਵਿਚ ਜਲਦੀ ਪ੍ਰਵਾਨਗੀ ਦੇ ਕੇ ਕੰਮ ਸ਼ੁਰੂ ਕਰਵਾਉਣ ਦੀ ਮੰਗ ਕੀਤੀ ਗਈ ਹੈ | ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਜੇਕਰ ਜਲਦੀ ਕੰਮ ਸ਼ੁਰੂ ਨਾ ਕਰਵਾਇਆ ਗਿਆ ਤਾਂ ਸੰਘਰਸ਼ ਦਾ ਰਾਹ ਵੀ ਅਖ਼ਤਿਆਰ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ | ਇਸ ਮੌਕੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਵਿਸ਼ਵਾਸ ਦਿਵਾਇਆ ਕਿ ਇਸ ਦੀ ਜਲਦੀ ਪ੍ਰਵਾਨਗੀ ਦਿਵਾ ਕੇ ਕੰਮ ਸ਼ੁਰੂ ਕਰਵਾਏ ਜਾਣਗੇ | ਇਸ ਮੌਕੇ ਸਾਬਕਾ ਵਿਧਾਇਕ ਬਲਦੇਵ ਸਿੰਘ ਬੱਲਮਗੜ੍ਹ ਤੋਂ ਇਲਾਵਾ ਬੂੜ ਸਿੰਘ ਸੇਵਾ ਮੁਕਤ ਬੈਂਕ ਮੈਨੇਜਰ, ਤੇਜ ਸਿੰਘ ਮਾਨ, ਤਿਲਕ ਰਾਜ, ਪਿਆਰਾ ਸਿੰਘ, ਸੰਯੁਕਤ ਸਮਾਜ ਸੁਧਾਰ ਸੰਸਥਾ ਦੇ ਅਹੁਦੇਦਾਰ ਅਤੇ ਹੋਰ ਵਾਰਡ ਵਾਸੀ ਹਾਜ਼ਰ ਸਨ |