ਲੰਬੀ, 3 ਫ਼ਰਵਰੀ (ਮੇਵਾ ਸਿੰਘ)-ਬੀਤੀ ਦੇਰ ਰਾਤ ਇਕ ਵਿਅਕਤੀ ਕਾਰ ਸਮੇਤ ਮਲੋਟ-ਡੱਬਵਾਲੀ ਨੈਸ਼ਨਲ ਹਾਈਵੇਅ ਨੰਬਰ 9 ਤੋਂ ਸਰਹਿੰਦ ਨਹਿਰ ਦੇ ਨਾਲ ਖਹਿ ਕੇ ਲੰਘਦੀ ਰਾਜਸਥਾਨ ਨਹਿਰ ਵਿਚ ਡਿੱਗ ਪੈਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿਲੀ ਜਾਣਕਾਰੀ ਅਨੁਸਾਰ ਹਰਦੀਪ ਸਿੰਘ ਪੁੱਤਰ ਦੇਸਾ ਸਿੰਘ ਵਾਸੀ ਲੰਬੀ ਕਿਸੇ ਘਰੇਲੂ ਮਸਲੇ ਕਾਰਨ ਮਾਨਸਿਕ ਤਣਾਅ ਵਿਚ ਰਹਿੰਦਾ ਸੀ ਤੇ ਬੀਤੀ ਰਾਤ ਜਦੋਂ ਉਹ ਲੰਬੀ ਵਾਲੀ ਸਾਈਡ ਤੋਂ ਆਪਣੀ ਕਾਰ 'ਤੇ ਆ ਰਿਹਾ ਸੀ ਤਾਂ ਉਹ ਅਚਾਨਕ ਹੀ ਕਾਰ ਸਮੇਤ ਰਾਜਸਥਾਨ ਨਹਿਰ ਵਿਚ ਜਾ ਡਿਗਿਆ | ਜਦੋਂ ਇਸ ਦੀ ਸੂਚਨਾ ਪਰਿਵਾਰ ਵਾਲਿਆਂ ਤੱਕ ਪਹੁੰਚੀ ਤਾਂ ਉਨ੍ਹਾਂ ਵਲੋਂ ਥਾਣਾ ਲੰਬੀ ਪੁਲਿਸ ਨੂੰ ਇਤਲਾਹ ਕੀਤੀ ਗਈ | ਬੀਤੀ ਰਾਤ ਤੋਂ ਗੋਤਾਖੋਰ ਟੀਮਾਂ ਦੇ ਮੈਂਬਰ ਹਰਦੀਪ ਸਿੰਘ ਤੇ ਉਸ ਦੀ ਕਾਰ ਨੂੰ ਨਹਿਰ ਵਿਚੋਂ ਲੱਭਣ ਦੀ ਕੋਸ਼ਿਸ ਕਰ ਰਹੇ ਹਨ | ਖ਼ਬਰ ਲਿਖੇ ਜਾਣ ਤੱਕ ਗੋਤਾਖੋਰ ਟੀਮਾਂ ਵਲੋਂ ਹਰਦੀਪ ਸਿੰਘ ਤੇ ਉਸ ਦੀ ਕਾਰ ਦੀ ਨਹਿਰ 'ਚੋਂ ਭਾਲ ਜਾਰੀ ਸੀ | ਇਸ ਘਟਨਾ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫ਼ੈਲ ਗਈ ਹੈ | ਥਾਣਾ ਲੰਬੀ ਦੀ ਪੁਲਿਸ ਸਾਰੀ ਘਟਨਾ ਦੀ ਗੰਭੀਰਤਾ ਨਾਲ ਜਾਂਚ ਪੜਤਾਲ ਕਰ ਰਹੀ ਹੈ |