ਗਿੱਦੜਬਾਹਾ, 24 ਫ਼ਰਵਰੀ (ਸ਼ਿਵਰਾਜ ਸਿੰਘ ਬਰਾੜ)-'ਆਪ' ਦੇ ਸੀਨੀਅਰ ਆਗੂ ਅਤੇ ਮਾਰਕੀਟ ਕਮੇਟੀ ਗਿੱਦੜਬਾਹਾ ਦੇ ਚੇਅਰਮੈਨ ਵਕੀਲ ਹਰਦੀਪ ਸਿੰਘ ਭੰਗਾਲ ਵਲੋਂ ਪਿੰਡਾ 'ਚ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ | 'ਆਪ' ਆਗੂ ਵਕੀਲ ਹਰਦੀਪ ਸਿੰਘ ਭੰਗਾਲ ਨੇ ਕਿਹਾ ਕਿ ਪਾਰਟੀ ਵਲੋਂ ਜੋ ਵਾਅਦੇ ਪੰਜਾਬ ਵਾਸੀਆਂ ਨਾਲ ਕੀਤੇ ਗਏ ਸਨ, ਉਨ੍ਹਾਂ ਨੂੰ ਲਗਾਤਾਰ ਨੇਪਰੇ ਚਾੜਿ੍ਹਆ ਜਾ ਰਿਹਾ ਹੈ | ਇਸ ਲਈ ਪਾਰਟੀ ਵਲੋਂ ਮੁਹਿੰਮ ਵਿੱਢੀ ਗਈ ਹੈ ਅਤੇ ਆਮ ਲੋਕਾਂ ਨੂੰ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦੇਣ ਲਈ ਪਿੰਡ-ਪਿੰਡ ਸੰਪਰਕ ਕੀਤਾ ਜਾ ਰਿਹਾ ਹੈ, ਜਿਸ ਵਿਚ ਸਰਕਾਰ ਵਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਵੀ ਜਾਣੂ ਕਰਵਾਇਆ ਜਾਵੇਗਾ | ਹਰਦੀਪ ਸਿੰਘ ਭੰਗਾਲ ਨੇ ਦੱਸਿਆ ਕਿ ਸਰਕਾਰ ਵਲੋਂ ਆਪਣੇ ਰਹਿੰਦੇ ਕਾਰਜਕਾਲ ਦੌਰਾਨ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ | ਇਸ ਮੌਕੇ ਸਰਪੰਚ ਪ੍ਰਤੀਨਿਧ ਦਰਸ਼ਨ ਸਿੰਘ, ਗੁਰਮੁਖ ਸਿੰਘ, ਰਛਪਾਲ ਸਿੰਘ ਪੰਚ, ਅੰਗਰੇਜ਼ ਸਿੰਘ ਪੰਚ ਤੋਂ ਇਲਾਵਾ ਸਥਾਨਕ ਆਗੂ ਹਾਜ਼ਰ ਸਨ |