ਮਲੋਟ, 24 ਫ਼ਰਵਰੀ (ਪਾਟਿਲ)-ਪੰਜਾਬ ਸਰਕਾਰ ਦੀ ਲੋਕ ਭਲਾਈ ਨੀਤੀ ਅਧੀਨ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਲੋਂ ਮਲੋਟ ਹਲਕੇ ਦੇ ਵੱਖ-ਵੱਖ ਇਲਾਕਿਆਂ ਵਿਚ ਵਿਕਾਸ ਕਾਰਜਾਂ ਨੂੰ ਰਫ਼ਤਾਰ ਦਿੰਦਿਆਂ ਕਈ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ ਅਤੇ ਨੀਂਹ ਪੱਥਰ ਰੱਖੇ ਗਏ | ਉਨ੍ਹਾਂ ਅੱਜ ਮਲੋਟ ਵਿਚ ਵਾਰਡ ਨੰਬਰ 19, ਪਿੰਡ ਅਬੁੱਲਖੁਰਾਣਾ, ਘੱਗਾ ਤੇ ਸ਼ੇਰਗੜ੍ਹ ਵਿਖੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ | ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਲੋਂ ਪਿੰਡ ਘੱਗਾ ਵਿਖੇ ਲਗਪਗ 18 ਲੱਖ ਦੀ ਲਾਗਤ ਨਾਲ ਦਾਣਾ ਮੰਡੀ, ਲਗਪਗ 54 ਲੱਖ ਦੀ ਲਾਗਤ ਨਾਲ ਫ਼ਿਰਨੀ, ਲਗਪਗ 70 ਲੱਖ ਦੀ ਲਾਗਤ ਨਾਲ ਖੇਡ ਗਰਾਊਾਡ ਦਾ ਨੀਂਹ ਪੱਥਰ ਰੱਖਿਆ ਗਿਆ | ਉਨ੍ਹਾਂ ਕਿਹਾ ਕਿ ਦਾਣਾ ਮੰਡੀ ਬਣਨ ਨਾਲ ਕਿਸਾਨਾਂ ਨੂੰ ਆਪਣੀ ਫ਼ਸਲ ਦੀ ਖ਼ਰੀਦ-ਫ਼ਰੋਖ਼ਤ ਲਈ ਵਧੀਆ ਸਹੂਲਤਾਂ ਮਿਲਣਗੀਆਂ, ਜਦਕਿ ਖੇਡ ਗਰਾਊਾਡ ਨਾਲ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਨਾ ਮਿਲੇਗੀ | ਇਸ ਤੋਂ ਇਲਾਵਾ ਉਨ੍ਹਾਂ ਵਲੋਂ ਮਲੋਟ ਵਿਖੇ ਵਾਰਡ ਨੰਬਰ 19 ਵਿਚ ਕਮਿਊਨਿਟੀ ਹਾਲ ਦਾ ਨੀਂਹ ਪੱਥਰ ਰੱਖਿਆ ਗਿਆ | ਕੈਬਨਿਟ ਮੰਤਰੀ ਨੇ ਕਿਹਾ ਕਿ ਕਮਿਊਨਿਟੀ ਹਾਲ ਦੇ ਬਣਨ ਨਾਲ ਇਲਾਕਾ ਵਾਸੀਆਂ ਨੂੰ ਸਮਾਜਿਕ ਤੇ ਧਾਰਮਿਕ ਸਮਾਗਮਾਂ ਲਈ ਸੁਵਿਧਾਜਨਕ ਸਥਾਨ ਪ੍ਰਾਪਤ ਹੋਵੇਗਾ | ਡਾ. ਬਲਜੀਤ ਕੌਰ ਨੇ ਕਿਹਾ ਕਿ ਇਨ੍ਹਾਂ ਪੋ੍ਰਜੈਕਟਾਂ ਨਾਲ ਪਿੰਡ ਵਾਸੀਆਂ ਨੂੰ ਸਹੂਲਤਾਂ ਵਿਚ ਸੁਧਾਰ ਮਿਲੇਗਾ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਮਜ਼ਬੂਤ ਹੋਵੇਗੀ | ਇਸੇ ਤਰ੍ਹਾਂ ਪਿੰਡ ਸ਼ੇਰਗੜ੍ਹ ਵਿਖੇ ਮਨਜ਼ੂਰ ਹੋਏ ਵਿਕਾਸ ਕੰਮਾਂ ਦੀ ਵੀ ਜਲਦ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਗਿਆ | ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਹਰੇਕ ਪਿੰਡ ਤੇ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਸਾਰੇ ਕੰਮ ਨਿਰਧਾਰਤ ਸਮੇਂ ਅੰਦਰ ਪੂਰੇ ਕੀਤੇ ਜਾਣਗੇ | ਇਸ ਮੌਕੇ ਸਰਪੰਚ ਅਮਨਦੀਪ ਕੌਰ, ਸਰਪੰਚ ਰਵਿੰਦਰ ਕੌਰ, ਭੁਪਿੰਦਰ ਸਿੰਘ ਬੀ.ਡੀ.ਪੀ.ਓ. ਮਲੋਟ, ਪੀ.ਏ. ਅਰਸ਼ ਸਿੱਧੂ, ਪੀ.ਏ. ਸ਼ਿੰਦਰਪਾਲ, ਸੰਬੰਧਿਤ ਵਿਭਾਗਾਂ ਦੇ ਅਧਿਕਾਰੀ ਤੇ ਪੰਚਾਇਤੀ ਨੁਮਾਇੰਦੇ ਹਾਜ਼ਰ ਸਨ |