ਗਿੱਦੜਬਾਹਾ, 24 ਫ਼ਰਵਰੀ (ਪਰਮਜੀਤ ਸਿੰਘ ਥੇੜ੍ਹੀ)-ਗਿੱਦੜਬਾਹਾ-ਲੰਬੀ ਰੋਡ 'ਤੇ ਇਕ ਮੋਟਰਸਾਈਕਲ ਸਵਾਰ ਵਿਅਕਤੀ ਮਿ੍ਤਕ ਹਾਲਤ ਵਿਚ ਮਿਲਿਆ ਹੈ | ਉਕਤ ਮਾਮਲੇ ਵਿਚ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੇ ਕਤਲ ਹੋਣ ਦਾ ਸ਼ੱਕ ਜ਼ਾਹਿਰ ਕਰਦੇ ਹੋਏ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਕਤਲ ਦੀਆਂ ਧਾਰਾਵਾਂ ਅਧੀਨ ਮਾਮਲਾ ਦਰਜ ਕਰਵਾਉਣ ਲਈ ਧਰਨਾ ਦਿੱਤਾ, ਜਦੋਂਕਿ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਵਿਚ ਲੱਗੀ ਹੋਈ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਜੰਡਵਾਲਾ ਸੁਖਾਨ (ਰਾਜਸਥਾਨ) ਦੇ ਸਰਪੰਚ ਜਗਸੀਰ ਸਿੰਘ ਅਤੇ ਮਿ੍ਤਕ ਦੇ ਜੀਜਾ ਗੁਰਮੀਤ ਸਿੰਘ ਤੇ ਜੋਰਾ ਸਿੰਘ ਵਾਸੀਆਨ ਮੋਰ ਜੰਡ ਖਾਰਾ (ਰਾਜਸਥਾਨ) ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਤਰਸੇਮ ਸਿੰਘ (ਕਰੀਬ 42 ਸਾਲ) ਪੁੱਤਰ ਗੁਰਜੰਟ ਸਿੰਘ ਵਾਸੀ ਪਿੰਡ ਜੰਡਵਾਲਾ ਸੁਖਾਨ ਕਰੀਬ 10-11 ਸਾਲ ਪਹਿਲਾਂ ਪਿੰਡ ਤੋਂ ਗਿੱਦੜਬਾਹਾ ਵਿਖੇ ਰਹਿਣ ਲੱਗ ਪਿਆ ਸੀ | ਉਨ੍ਹਾਂ ਦੱਸਿਆ ਕਿ ਤਰਸੇਮ ਸਿੰਘ ਨੇ ਵਿਆਹ ਨਹੀਂ ਕਰਵਾਇਆ ਸੀ, ਪ੍ਰੰਤੂ ਉਹ ਗਿੱਦੜਬਾਹਾ ਵਿਖੇ ਕਿਸੇ ਲਵਪ੍ਰੀਤ ਕੌਰ ਨਾਮੀ ਔਰਤ ਨਾਲ ਲਿਵ-ਇਨ ਰਿਲੇਸ਼ਨ ਵਿਚ ਰਹਿੰਦਾ ਸੀ ਅਤੇ ਉਕਤ ਲਵਪ੍ਰੀਤ ਕੌਰ ਦੇ ਅੱਗੇ ਇਕ ਨੌਜਵਾਨ ਲੜਕਾ ਵੀ ਹੈ | ਉਨ੍ਹਾਂ ਦੱਸਿਆ ਕਿ ਤਰਸੇਮ ਸਿੰਘ ਬੀਤੇ ਸਾਲ ਅਗਸਤ/ਸਤੰਬਰ 'ਚ ਆਪਣੇ ਜੱਦੀ ਪਿੰਡ ਤੋਂ ਜ਼ਮੀਨ ਵੇਚ ਕੇ ਕਰੀਬ 21-22 ਲੱਖ ਰੁਪਏ ਲੈ ਕੇ ਗਿੱਦੜਬਾਹਾ ਆ ਗਿਆ ਸੀ | ਬੀਤੀ 22 ਫ਼ਰਵਰੀ ਦੀ ਰਾਤ ਕਰੀਬ 10 ਵਜੇ ਉਕਤ ਲਵਪ੍ਰੀਤ ਕੌਰ ਨੇ ਫ਼ੋਨ ਕਰਕੇ ਦੱਸਿਆ ਕਿ ਤਰਸੇਮ ਸਿੰਘ ਘਰੋਂ ਲਾਪਤਾ ਹੈ ਅਤੇ ਜਦੋਂ ਉਹ ਆਪਣੇ ਲੜਕੇ ਨਾਲ ਤਰਸੇਮ ਸਿੰਘ ਦੀ ਤਲਾਸ਼ ਕਰ ਰਹੇ ਸਨ, ਤਾਂ ਪਤਾ ਲੱਗਾ ਕਿ ਤਰਸੇਮ ਸਿੰਘ ਦਾ ਐਕਸੀਡੈਂਟ ਹੋ ਗਿਆ ਹੈ ਅਤੇ ਉਸ ਦੀ ਮੌਤ ਹੋ ਗਈ ਹੈ | ਉਨ੍ਹਾਂ ਕਿਹਾ ਕਿ ਹਾਦਸੇ ਵਾਲੀ ਜਗ੍ਹਾ 'ਤੇ ਜਾ ਕੇ ਦੇਖਿਆ ਤਾਂ ਤਰਸੇਮ ਸਿੰਘ ਦਾ ਮੋਟਰਸਾਈਕਲ ਦੱਸਣ ਅਨੁਸਾਰ ਕਿੱਕਰ ਵਿਚ ਨਹੀਂ ਵੱਜਿਆ ਹੋਇਆ ਸੀ ਅਤੇ ਜਦੋਂਕਿ ਉੱਥੇ ਕੋਈ ਖ਼ੂਨ ਆਦਿ ਵੀ ਨਹੀਂ ਸੀ ਤੇ ਅਜਿਹਾ ਲੱਗ ਰਿਹਾ ਸੀ ਜਿਵੇਂ ਉਸ ਨੂੰ ਕਿਸੇ ਹੋਰ ਜਗ੍ਹਾ ਮਾਰ ਕੇ ਉਕਤ ਜਗ੍ਹਾ 'ਤੇ ਸੁੱਟਿਆ ਗਿਆ ਹੈ | ਉਨ੍ਹਾਂ ਕਿਹਾ ਕਿ ਪੁਲਿਸ ਇਸ ਨੂੰ ਕੇਵਲ ਇਕ ਸੜਕ ਦੁਰਘਟਨਾ ਮੰਨ ਰਹੀ ਹੈ, ਜਦੋਂਕਿ ਉਹ ਚਾਹੁੰਦੇ ਹਨ ਕਿ ਉਕਤ ਮਾਮਲੇ ਵਿਚ ਕਤਲ ਦਾ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਜਦੋਂ ਤੱਕ ਪੁਲਿਸ ਕਤਲ ਦਾ ਮਾਮਲਾ ਦਰਜ ਨਹੀਂ ਕਰਦੀ, ਉਹ ਮਿ੍ਤਕ ਦਾ ਪੋਸਟਮਾਰਟਮ ਨਹੀਂ ਕਰਵਾਉਣਗੇ | ਦੂਜੇ ਪਾਸੇ ਉਕਤ ਮਾਮਲੇ ਸੰਬੰਧੀ ਐੱਸ.ਐੱਚ.ਓ. ਹਰਗੋਬਿੰਦ ਸਿੰਘ ਮਾਨ ਨੇ ਦੱਸਿਆ ਕਿ ਪੁਲਿਸ ਉਕਤ ਮਾਮਲੇ ਵਿਚ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਇਸ ਲਈ ਉਹ ਖ਼ੁਦ, ਅਰੁਣ ਮੁੰਡਨ ਡੀ.ਐੱਸ.ਪੀ. ਗਿੱਦੜਬਾਹਾ ਤੇ ਜ਼ਿਲ੍ਹੇ ਦੇ ਸੀ.ਆਈ.ਏ. ਇੰਚਾਰਜ ਇੰਸਪੈਕਟਰ ਗੁਰਵਿੰਦਰ ਸਿੰਘ ਜਾਂਚ ਵਿਚ ਲੱਗੇ ਹੋਏ ਹਨ ਅਤੇ ਘਟਨਾ ਦੀ ਸੱਚਾਈ ਲਈ ਸਾਈਬਰ ਸੈੱਲ, ਤਕਨੀਕੀ ਟੀਮਾਂ ਲੱਗੀਆਂ ਹੋਈਆਂ ਹਨ ਅਤੇ ਮਿ੍ਤਕ ਦੇ ਲਿੰਕ ਵਾਲੇ ਲੋਕਾਂ, ਉਸ ਦੇ ਬੈਂਕ ਖਾਤਿਆਂ, ਕਾਰਾਂ ਤੇ ਹੋਰ ਪਹਿਲੂਆਂ 'ਤੇ ਜਾਂਚ ਜਾਰੀ ਹੈ ਅਤੇ ਜੋ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |