ਸ੍ਰੀ ਮੁਕਤਸਰ ਸਾਹਿਬ, 24 ਫ਼ਰਵਰੀ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰਪਾਲ)-ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਗਿਆ ਹੈ ਕਿ ਅਸ਼ੀਰਵਾਦ ਸਕੀਮ ਤਹਿਤ ਅਰਜ਼ੀਆਂ ਦੀ ਪ੍ਰਕਿਰਿਆ ਸੰਬੰਧੀ ਕੁਝ ਮਹੱਤਵਪੂਰਨ ਸਪੱਸ਼ਟੀਕਰਨ ਜਾਰੀ ਕੀਤੇ ਗਏ ਹਨ | ਅਸ਼ੀਰਵਾਦ ਸਕੀਮ ਪੰਜਾਬ ਸਰਕਾਰ ਦੀ ਇਕ ਲੋਕ-ਹਿਤੈਸ਼ੀ ਯੋਜਨਾ ਹੈ, ਜਿਸ ਦਾ ਉਦੇਸ਼ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੀਆਂ ਧੀਆਂ ਦੀ ਸ਼ਾਦੀ ਸਮੇਂ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ, ਤਾਂ ਜੋ ਪਰਿਵਾਰਾਂ ਨੂੰ ਸਮਾਜਿਕ ਅਤੇ ਆਰਥਿਕ ਸਹਾਰਾ ਮਿਲ ਸਕੇ | ਇਸ ਸਕੀਮ ਦਾ ਲਾਭ ਨਿਰਧਾਰਤ ਯੋਗਤਾ ਮਾਪਦੰਡਾਂ ਅਨੁਸਾਰ ਹੀ ਦਿੱਤਾ ਜਾਂਦਾ ਹੈ | ਜਨਤਾ ਦੀ ਸੁਵਿਧਾ ਲਈ ਇਹ ਵੀ ਸਪੱਸ਼ਟ ਕੀਤਾ ਜਾਂਦਾ ਹੈ ਕਿ ਹੁਣ ਅਰਜ਼ੀਕਰਤਾਵਾਂ ਨੂੰ ਆਪਣੀਆਂ ਅਰਜ਼ੀਆਂ ਸਾਈਬਰ ਕੈਫੇ ਰਾਹੀਂ ਭੇਜਣ ਦੀ ਲੋੜ ਨਹੀਂ ਹੈ | ਅਰਜ਼ੀਆਂ ਸੇਵਾ ਕੇਂਦਰਾਂ ਰਾਹੀਂ ਵੀ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ | ਸੇਵਾ ਕੇਂਦਰਾਂ 'ਤੇ ਅਧਿਕਾਰਤ ਢੰਗ ਨਾਲ ਅਰਜ਼ੀ ਦੀ ਐਂਟਰੀ ਅਤੇ ਅੱਗੇ ਭੇਜਣ ਦੀ ਕਾਰਵਾਈ ਕੀਤੀ ਜਾਵੇਗੀ, ਜਿਸ ਨਾਲ ਪ੍ਰਕਿਰਿਆ ਹੋਰ ਵੀ ਪਾਰਦਰਸ਼ੀ ਅਤੇ ਸੁਗਮ ਬਣੇਗੀ | ਇਸ ਦੇ ਨਾਲ ਹੀ ਜਾਰੀ ਹੁਕਮਾਂ ਅਨੁਸਾਰ ਮਿਤੀ 28 ਜਨਵਰੀ ਤੋਂ ਬਾਅਦ ਨਵੀਆਂ ਅਰਜ਼ੀਆਂ ਸਬੰਧੀ ਕਾਰਵਾਈ ਸਰਕਾਰੀ ਹਦਾਇਤਾਂ ਅਨੁਸਾਰ ਹੀ ਕੀਤੀ ਜਾਵੇਗੀ |