ਸ੍ਰੀ ਮੁਕਤਸਰ ਸਾਹਿਬ, 24 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਸਾਬਕਾ ਮੈਂਬਰ ਤੇ ਨੌਜਵਾਨ ਆਗੂ ਐਡਵੋਕੇਟ ਕਰਨਵੀਰ ਇਦੌਰਾ ਵਾਸੀ ਸ੍ਰੀ ਮੁਕਤਸਰ ਸਾਹਿਬ ਨੇ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਮੌਕਾ ਦਿੱਤਾ, ਤਾਂ ਉਹ ਵਿਧਾਨ ਸਭਾ ਹਲਕਾ ਮਲੋਟ ਤੋਂ ਚੋਣ ਲੜਨਗੇ ਅਤੇ ਇਹ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਪਾਉਣਗੇ | ਉਨ੍ਹਾਂ ਕਿਹਾ ਕਿ ਮੇਰੇ ਦਾਦਾ ਚੌਧਰੀ ਮਾਤੂ ਰਾਮ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ | ਇਕ ਵਾਰ ਮਲੋਟ ਹਲਕੇ ਤੋਂ ਹੀ ਵਿਧਾਇਕ ਚੁਣੇ ਗਏ ਸਨ | ਉਹ ਨਗਰ ਪਾਲਿਕਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਵੀ ਰਹੇ, ਜਦਕਿ ਮੇਰੇ ਪਿਤਾ ਧਰਮ ਚੰਦ ਇੰਦੌਰਾ ਪੰਜਾਬ ਪ੍ਰਦੇਸ਼ ਕਾਂਗਰਸ ਸੇਵਾ ਦਲ ਦੇ ਸੂਬਾ ਚੀਫ਼ ਆਰਗੇਨਾਈਜ਼ਰ ਲੰਮਾ ਸਮਾਂ ਰਹੇ | ਇਸ ਕਰਕੇ ਉਹ ਪੀੜ੍ਹੀ ਦਰ ਪੀੜ੍ਹੀ ਆਪਣੇ ਪਰਿਵਾਰ ਦੀ ਸਾਫ਼-ਸੁਥਰੀ ਸਿਆਸਤ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ | ਉਨ੍ਹਾਂ ਦੱਸਿਆ ਕਿ ਉਹ ਵੀ ਰਾਜਨੀਤਕ ਤੇ ਸਮਾਜਿਕ ਖੇਤਰ ਵਿਚ ਸਰਗਰਮ ਹਨ ਅਤੇ ਪੇਸ਼ੇ ਵਜੋਂ ਐਡਵੋਕੇਟ ਹਨ | ਇਸ ਤੋਂ ਪਹਿਲਾਂ ਜਦੋਂ ਉਨ੍ਹਾਂ ਨੂੰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦਾ ਮੈਂਬਰ ਬਣਨ ਦਾ ਮੌਕਾ ਮਿਲਿਆ, ਤਾਂ ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਵਿਚ ਭੂਮਿਕਾ ਨਿਭਾਈ | ਇਸ ਤਰ੍ਹਾਂ ਹੀ ਹੁਣ ਉਹ ਰਾਜਨੀਤੀ ਵਿਚ ਸਰਗਰਮ ਹੋ ਕੇ ਲੋਕਾਂ ਦੀ ਸੇਵਾ ਕਰਨਗੇ |