ਮਲੋਟ, 27 ਫ਼ਰਵਰੀ (ਪਾਟਿਲ)-ਸ਼ਹਿਰ 'ਚ ਲਾਵਾਰਸ ਕੁੱਤਿਆਂ ਦਾ ਦਹਿਸ਼ਤ ਭਰਿਆ ਮਾਹੌਲ ਲਗਾਤਾਰ ਬਣਿਆ ਹੋਇਆ ਹੈ | ਗੁਰਦੁਆਰਾ ਰੋਡ 'ਤੇ ਇਕ ਹੋਰ ਪਰਿਵਾਰ ਲਾਵਾਰਸ ਕੁੱਤਿਆਂ ਦੇ ਹਮਲੇ ਦਾ ਸ਼ਿਕਾਰ ਹੋ ਗਿਆ | ਜਾਣਕਾਰੀ ਮੁਤਾਬਕ ਵਿੱਕੀ ਕੁਮਾਰ ਆਪਣੀ ਪਤਨੀ ਸੋਨੀਆ ਤੇ ਬੇਟੀ ਸ਼ਿ੍ਸ਼ਟੀ ਨਾਲ ਸਕੂਟਰੀ 'ਤੇ ਸਟੇਸ਼ਨ ਵੱਲ ਜਾ ਰਹੇ ਸਨ ਕਿ ਗੁਰਦੁਆਰਾ ਰੋਡ 'ਤੇ ਅਚਾਨਕ ਕੁੱਤਿਆਂ ਦੇ ਝੁੰਡ ਨੇ ਹਮਲਾ ਕਰ ਦਿੱਤਾ | ਹਮਲੇ ਦੌਰਾਨ ਕੁੱਤਿਆਂ ਨੇ ਸੋਨੀਆ ਤੇ ਉਸ ਦੀ ਬੇਟੀ ਦੇ ਪੈਰ ਅਤੇ ਲੱਤ 'ਤੇ ਕੱਟ ਲਿਆ | ਜ਼ਖ਼ਮੀਆਂ ਨੂੰ ਤੁਰੰਤ ਸਰਕਾਰੀ ਹਸਪਤਾਲ ਮਲੋਟ ਪਹੁੰਚਾਇਆ ਗਿਆ, ਜਿਥੋਂ ਬਾਅਦ ਵਿਚ ਉਨ੍ਹਾਂ ਨੂੰ ਏਮਜ਼ ਬਠਿੰਡਾ ਰੈਫ਼ਰ ਕਰ ਦਿੱਤਾ ਗਿਆ | ਵਿੱਕੀ ਕੁਮਾਰ ਨੇ ਪ੍ਰਸ਼ਾਸਨ 'ਤੇ ਨਾਰਾਜ਼ਗੀ ਜਤਾਉਂਦੇ ਹੋਏ ਕਿਹਾ ਕਿ ਲਾਵਾਰਸ ਕੁੱਤਿਆਂ ਦੇ ਮਾਮਲੇ 'ਚ ਕੋਈ ਢੰਗ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ | ਲੋਕ ਡਰ ਤੇ ਦਹਿਸ਼ਤ ਵਿਚ ਹਨ | ਉਨ੍ਹਾਂ ਨਗਰ ਕੌਂਸਲ ਨੂੰ ਅਪੀਲ ਕੀਤੀ ਕਿ ਅਦਾਲਤ ਦੇ ਫ਼ੈਸਲਿਆਂ ਅਨੁਸਾਰ ਤੁਰੰਤ ਕਾਰਵਾਈ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ | ਵਰਨਣਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਇਸੇ ਸਥਾਨ 'ਤੇ ਇਕ ਔਰਤ ਨੂੰ ਕੁੱਤਿਆਂ ਨੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਸੀ | ਗੁਰਦੁਆਰਾ ਰੋਡ 'ਤੇ ਸਵੇਰੇ-ਸ਼ਾਮ ਲੋਕਾਂ ਦੀ ਆਵਾਜਾਈ ਰਹਿੰਦੀ ਹੈ ਅਤੇ ਸ਼ਰਧਾਲੂ ਗੁਰਦੁਆਰਾ ਤੇ ਮੰਦਰ ਜਾਣ ਲਈ ਇਸੇ ਰਸਤੇ ਦੀ ਵਰਤੋਂ ਕਰਦੇ ਹਨ | ਔਰਤਾਂ ਤੇ ਬੱਚਿਆਂ ਲਈ ਇਸ ਰਸਤੇ ਰਾਹੀਂ ਲੰਘਣਾ ਹੁਣ ਖ਼ਤਰਨਾਕ ਬਣ ਗਿਆ ਹੈ | ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਲਾਵਾਰਸ ਕੁੱਤਿਆਂ ਦੇ ਵਧ ਰਹੇ ਖ਼ਤਰੇ ਨੂੰ ਦੇਖਦੇ ਹੋਏ ਜਲਦੀ ਪੱਕੇ ਇੰਤਜ਼ਾਮ ਕੀਤੇ ਜਾਣ |