ਰੁਪਾਣਾ, 27 ਫ਼ਰਵਰੀ (ਜਗਜੀਤ ਸਿੰਘ)-ਪੰਜਾਬ ਦੀ ਮੌਜੂਦਾ ਸਰਕਾਰ ਵਲੋਂ ਜਿਥੇ ਸ਼ਹਿਰਾਂ ਤੇ ਪਿੰਡ ਵਾਸੀਆਂ ਤੋਂ ਇਲਾਵਾ ਖੇਤਾਂ 'ਚ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਉਨ੍ਹਾਂ ਦੀ ਸਹੂਲਤ ਵਾਸਤੇ ਖੇਤਾਂ ਵਿਚ ਪਾਣੀ ਵਾਲੇ ਖ਼ਾਲਿਆਂ, ਸੜਕਾਂ, ਗਲੀਆਂ-ਨਾਲੀਆਂ ਆਦਿ ਨੂੰ ਬਣਾਉਣ ਲਈ ਜੰਗੀ ਪੱਧਰ ਕੰਮ ਚਲਾਇਆ ਹੋਇਆ ਹੈ, ਉੱਥੇ ਨਹਿਰਾਂ, ਕੱਸੀਆਂ ਆਦਿ 'ਤੇ ਬਣੇ ਪੁਰਾਣੇ ਪੁਲਾਂ ਨੂੰ ਚੌੜਾ ਤੇ ਉੱਚਾ ਕਰਨ ਸੰਬੰਧੀ ਵੀ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਹੈ | ਇਸ ਸੰਬੰਧੀ ਸਰਪੰਚ ਰਵਿੰਦਰ ਸਿੰਘ ਹੁੰਦਲ, ਬਲਾਕ ਸੰਮਤੀ ਮੈਂਬਰ ਮਾ. ਅਜੈਬ ਸਿੰਘ, ਜਵੰਦ ਸਿੰਘ ਖੋਸਾ, ਵਕੀਲ ਸਿੰਘ ਬਾਹੀਆ, ਹਰਜਿੰਦਰ ਸਿੰਘ ਔਲਖ, ਮਹਾਸ਼ਾ ਚੱਕ ਗਿਲਜੇਵਾਲਾ, ਚਰਨਜੀਤ ਸਿੰਘ, ਬਾਜ ਸਿੰਘ ਸੰਧੂ, ਟੀਕੂ ਬਰਾੜ, ਪਿੱਪਲ ਸਿੰਘ, ਸਵਰਨ ਸਿੰਘ ਆਦਿ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਲਕਾ ਵਿਧਾਇਕਾ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਹ ਪੁਲ ਪੁਰਾਣੇ ਬਣੇ ਹੋਣ ਕਰਕੇ ਅਤੇ ਹੁਣ ਵਾਹਨਾਂ ਦੀ ਦਿਨੋਂ-ਦਿਨ ਗਿਣਤੀ ਵਧਣ ਕਰਕੇ ਇਨ੍ਹਾਂ ਪੁਲਾ ਉਪਰ ਹਰ ਵਕਤ ਜਾਮ ਲੱਗਿਆ ਰਹਿੰਦਾ ਸੀ, ਜਿਸ ਕਰਕੇ ਰਾਹਗੀਰਾਂ ਨੂੰ ਆਪਣੇ ਕਾਰੋਬਾਰ ਜਾਣ ਲਈ ਕਾਫ਼ੀ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ | ਉਨ੍ਹਾਂ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਤੋਂ ਗਿੱਦੜਬਾਹਾ ਰੋਡ 'ਤੇ ਸਥਿਤ ਸਰਹੰਦ ਫ਼ੀਡਰ ਦੀਆਂ ਨਹਿਰਾਂ ਦੇ ਪੁਲਾਂ ਦਾ ਕੰਮ ਚੱਲ ਰਿਹਾ ਹੈ | ਅਰਨੀਵਾਲਾ ਨਹਿਰ ਦੇ ਪੁਲ ਉਪਰ ਆਵਾਜਾਈ ਨਾ ਹੋਣ ਦੇ ਬਾਵਜੂਦ ਵੀ ਇਹ ਪੁਲ ਨਵਾਂ ਬਣ ਕੇ ਤਿਆਰ ਹੋ ਚੁੱਕਾ ਹੈ | ਇਸ ਤੋਂ ਇਲਾਵਾ ਸੋਥਾ ਤੋਂ ਗਿੱਦੜਬਾਹਾ ਨੂੰ ਜਾਣ ਵਾਲੀ ਸੜਕ 'ਤੇ ਪ੍ਰੀਮਿਕਸ ਪਾਇਆ ਜਾ ਰਿਹਾ ਹੈ |