ਪੁਲਿਸ ਵਲੋਂ ਦੋ ਗੁੱਟਾਂ 'ਚ ਹੋਈ ਲੜਾਈ ਦੌਰਾਨ ਦੋਵਾਂ ਧਿਰਾਂ ਦੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
ਅਜੀਤ ਡੈਸਕ
08-03-2026
ਗਿੱਦੜਬਾਹਾ, 7 ਮਾਰਚ (ਸ਼ਿਵਰਾਜ ਸਿੰਘ ਬਰਾੜ)-ਹਲਕੇ ਦੇ ਪਿੰਡ ਭੂੰਦੜ ਵਿਖੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਭੂੰਦੜ ਸਾਹਿਬ ਦੇ ਪ੍ਰਬੰਧਾਂ ਨੂੰ ਲੈ ਕੇ ਦੋ ਧਿਰਾਂ ਵਿਚ ਹੋਈ ਲੜਾਈ 'ਚ ਪੁਲਿਸ ਵਲੋਂ 18 ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਜ਼ਿਕਰਯੋਗ ਹੈ ਕਿ ਪਿੰਡ ਭੂੰਦੜ ਵਿਖੇ ਇਤਿਹਾਸਕ ਗੁਰਦੁਆਰਾ ਭੂੰਦੜ ਸਾਹਿਬ ਦੇ ਪ੍ਰਬੰਧਾਂ ਨੂੰ ਲੈ ਕੇ ਬੀਤੇ ਕਈ ਦਿਨਾਂ ਤੋਂ ਮਾਮਲਾ ਚਰਚਾ ਵਿਚ ਚੱਲਿਆ ਆ ਰਿਹਾ ਸੀ | ਚਰਚਾ ਇਹ ਵੀ ਹੈ ਕਿ ਉਕਤ ਮਾਮਲਾ ਰਾਜਸੀ ਗਲਿਆਰਿਆਂ ਤੱਕ ਵੀ ਪੁੱਜਾ, ਪ੍ਰੰਤੂ ਬੀਤੇ ਦਿਨ ਗੁਰਦੁਆਰਾ ਸਾਹਿਬ ਵਿਖੇ ਪਹੁੰਚੀਆਂ ਦੋਵਾਂ ਧਿਰਾਂ ਵਿਚ ਵਧੀ ਤਕਰਾਰਬਾਜ਼ੀ ਗੰਭੀਰ ਰੂਪ ਧਾਰਨ ਕਰ ਗਈ |
ਐੱਸ.ਪੀ. (ਡੀ) ਮਨਜੀਤ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਭੂੰਦੜ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਨੂੰ ਲੈ ਕੇ ਦੋ ਧਿਰਾਂ ਵਿਚ ਕਈ ਦਿਨਾਂ ਤੋਂ ਕਸ਼ਮਕਸ਼ ਚੱਲ ਹੀ ਰਹੀ ਸੀ ਅਤੇ ਇਸ ਦੌਰਾਨ ਬੀਤੇ ਦਿਨ ਦੋ ਗੁੱਟ ਆਹਮੋ-ਸਾਹਮਣੇ ਭਿੜ ਪਏ, ਜਿਸ ਵਿਚ ਦੋਵੇਂ ਧਿਰਾਂ ਦੇ ਸੱਟਾਂ ਲੱਗੀਆਂ ਹਨ ਅਤੇ ਗੱਡੀਆਂ ਦੀ ਭੰਨਤੋੜ ਵੀ ਕੀਤੀ ਗਈ ਹੈ | ਇਸ ਸਵਾਲ ਦੇ ਜਵਾਬ ਵਿਚ ਗੋਲੀ ਚੱਲਣ ਸੰਬੰਧੀ ਸ. ਢਿੱਲੋਂ ਨੇ ਦੱਸਿਆ ਕਿ ਡਾਕਟਰ ਦੀ ਰਿਪੋਰਟ ਦਾ ਇੰਤਜਾਰ ਕੀਤਾ ਜਾ ਰਿਹਾ ਹੈ ਅਤੇ ਜੇਕਰ ਅਜਿਹਾ ਹੋਇਆ ਤਾਂ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ, ਜਦਕਿ ਅਜੇ ਤਫ਼ਤੀਸ਼ ਜਾਰੀ ਹੈ | ਸ. ਢਿੱਲੋਂ ਨੇ ਦੱਸਿਆ ਕਿ ਦੋਵਾਂ ਧਿਰਾਂ ਦੇ ਕੁਝ ਵਿਅਕਤੀਆਂ 'ਤੇ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਕੋਟਭਾਈ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ |
ਇਸ ਦੌਰਾਨ ਡੀ.ਐੱਸ.ਪੀ. ਅਰੁਣ ਮੁੰਡਨ ਵੀ ਹਾਜ਼ਰ ਸਨ |