08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਪੰਜਾਬ-ਹਰਿਆਣਾ ਦੇ ਸਰਹੱਦੀ ਪਿੰਡਾਂ 'ਚ ਖੇਤੀ ਮੋਟਰਾਂ ਦੀ ਚੋਰੀ, ਪਿਉ-ਪੁੱਤ ਤੇ ਕਬਾੜੀਆ ਕਾਬੂ

Ad Position 21
No active advertisement
ਅਜੀਤ ਡੈਸਕ 08-03-2026
• ਪਿਉ-ਪੁੱਤ ਜੇਲ੍ਹ ਭੇਜੇ, ਕਬਾੜੀਏ ਕੋਲੋਂ ਪੰਜ ਚੋਰੀਸ਼ੁਦਾ ਮੋਟਰਾਂ ਬਰਾਮਦ
ਮੰਡੀ ਕਿੱਲਿਆਂਵਾਲੀ, 7 ਮਾਰਚ (ਇਕਬਾਲ ਸਿੰਘ ਸ਼ਾਂਤ)-ਡੱਬਵਾਲੀ ਅਤੇ ਲੰਬੀ ਹਲਕੇ ਦੇ ਪੰਜਾਬ-ਹਰਿਆਣਾ ਸਰਹੱਦੀ ਪਿੰਡਾਂ ਵਿਚ ਖੇਤਾਂ ਵਿਚੋਂ ਬਿਜਲੀ ਮੋਟਰਾਂ ਅਤੇ ਸੋਲਰ ਸਿਸਟਮਾਂ ਦੇ ਸਾਮਾਨ ਦੀਆਂ ਚੋਰੀਆਂ ਦੇ ਮਾਮਲੇ ਵਿਚਕਾਰ ਕਿਸਾਨਾਂ ਨੇ ਪਿੰਡ ਫੱਤਾਕੇਰਾ ਦੇ ਪਿਉ-ਪੁੱਤ ਨੂੰ ਕਾਬੂ ਕਰਕੇ ਕਿੱਲਿਆਂਵਾਲੀ ਪੁਲਿਸ ਦੇ ਹਵਾਲੇ ਕਰ ਦਿੱਤਾ | ਦੋਵਾਂ ਦੀ ਪਛਾਣ ਗੁਰਜੀਤ ਸਿੰਘ ਅਤੇ ਉਸ ਦੇ ਪੁੱਤਰ ਲਖਵਿੰਦਰ ਸਿੰਘ ਵਜੋਂ ਹੋਈ ਹੈ | ਪੁਲਿਸ ਨੇ ਉਨ੍ਹਾਂ ਕੋਲੋਂ ਦੋ ਬਿਜਲੀ ਮੋਟਰਾਂ ਬਰਾਮਦ ਕੀਤੀਆਂ ਹਨ | ਪੁਲਿਸ ਜਾਂਚ ਦੌਰਾਨ ਪਿੰਡ ਸਕਤਾਖੇੜਾ ਦੇ ਕਬਾੜੀਏ ਪਾਲਾ ਸਿੰਘ ਨੂੰ ਵੀ ਕਾਬੂ ਕੀਤਾ ਗਿਆ ਹੈ | ਦੱਸਿਆ ਜਾਂਦਾ ਹੈ ਕਿ ਮੁਲਜ਼ਮ ਚੋਰੀ ਕੀਤੀਆਂ ਮੋਟਰਾਂ ਉਸ ਨੂੰ ਵੇਚਦੇ ਸਨ | ਪੁਲਿਸ ਨੇ ਉਸ ਕੋਲੋਂ ਪੰਜ ਚੋਰੀਸ਼ੁਦਾ ਖੇਤੀ ਮੋਟਰਾਂ ਬਰਾਮਦ ਕਰਕੇ ਅਗਲੀ ਪੁੱਛਗਿੱਛ ਲਈ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ ਲਿਆ ਹੈ, ਜਦਕਿ ਪਿਉ-ਪੁੱਤ ਨੂੰ ਅਦਾਲਤ ਵਿਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ | ਪੁਲਿਸ ਸੂਤਰਾਂ ਮੁਤਾਬਕ ਦੋਵੇਂ ਦੋਸ਼ੀ ਦਿਹਾੜੀ ਮਜ਼ਦੂਰੀ ਕਰਨ ਦਾ ਦਿਖਾਵਾ ਕਰਦੇ ਸਨ ਅਤੇ ਰਾਤ ਦੇ ਸਮੇਂ ਖੇਤਾਂ ਵਿਚੋਂ ਮੋਟਰਾਂ, ਸਟਾਰਟਰਾਂ ਤੇ ਸੋਲਰ ਸਿਸਟਮਾਂ ਦੀਆਂ ਤਾਰਾਂ ਚੋਰੀ ਕਰਦੇ ਸਨ |
ਇਲਾਕੇ ਦੇ ਫੱਤਾਕੇਰਾ, ਹਾਕੂਵਾਲਾ, ਮਿੱਡੂਖੇੜਾ, ਸਕਤਾਖੇੜਾ ਤੇ ਜੋਤਾਂਵਾਲੀ ਪਿੰਡਾਂ ਵਿਚ ਪਿਛਲੇ ਕੁਝ ਮਹੀਨਿਆਂ ਦੌਰਾਨ ਕਈ ਦਰਜਨ ਖੇਤੀ ਮੋਟਰਾਂ ਅਤੇ ਸੋਲਰ ਸਿਸਟਮਾਂ ਦੇ ਸਾਮਾਨ ਦੀਆਂ ਚੋਰੀਆਂ ਸਾਹਮਣੇ ਆਈਆਂ ਹਨ | ਸਕਤਾਖੇੜਾ ਦੇ ਕਿਸਾਨ ਵਿਨੋਦ ਕੁਮਾਰ ਦੇ ਮੁਤਾਬਕ ਉਨ੍ਹਾਂ ਦੇ ਪਿੰਡ ਵਿਚ ਕਈ ਖੇਤਾਂ ਸੋਲਰ ਸਿਸਟਮ ਦਾ ਸਾਮਾਨ ਅਤੇ ਸੈਂਕੜੇ ਫ਼ੁੱਟ ਬਿਜਲੀ ਤਾਰਾਂ ਵੀ ਚੋਰੀ ਹੋਈਆਂ ਹਨ | ਉਨ੍ਹਾਂ ਕਿਹਾ ਕਿ ਜਦੋਂ ਸੋਲਰ ਸਿਸਟਮਾਂ ਦੀਆਂ ਤਾਰਾਂ ਪੁੱਟ ਲਈਆਂ ਜਾਂਦੀਆਂ ਹਨ, ਤਾਂ ਪੂਰਾ ਸਿਸਟਮ ਨਿਕੰਮਾ ਹੋ ਜਾਂਦਾ ਹੈ | ਕਿਸਾਨਾਂ ਮੁਤਾਬਕ ਫੱਤਾਕੇਰਾ ਦੇ ਖੇਤਾਂ ਵਿਚੋਂ ਲਗਪਗ 15 ਖੇਤੀ ਮੋਟਰਾਂ ਅਤੇ ਹਾਕੂਵਾਲਾ ਵਿਚੋਂ ਵੀ ਦਰਜਨ ਭਰ ਮੋਟਰਾਂ ਚੋਰੀ ਹੋ ਚੁੱਕੀਆਂ ਹਨ | ਥਾਣਾ ਕਿੱਲਿਆਂਵਾਲੀ (ਆਰਜੀ) ਦੇ ਮੁਖੀ ਜਗਸੀਰ ਸਿੰਘ ਨੇ ਦੱਸਿਆ ਕਿ ਜੀਵਨਜੋਤ ਸਿੰਘ ਵਾਸੀ ਫੱਤਾਕੇਰਾ ਦੀ ਸ਼ਿਕਾਇਤ 'ਤੇ ਦਰਜ ਮਾਮਲੇ ਵਿਚ ਗਿ੍ਫ਼ਤਾਰ ਕੀਤੇ ਗਏ ਪਿਉ-ਪੁੱਤ ਨੇ ਦਰਜਨ ਭਰ ਮੋਟਰਾਂ ਦੀ ਚੋਰੀ ਕਬੂਲ ਕੀਤੀ ਹੈ | ਉਨ੍ਹਾਂ ਕਿਹਾ ਕਿ ਰਿਮਾਂਡ ਦੌਰਾਨ ਕਬਾੜੀਏ ਪਾਲਾ ਸਿੰਘ ਤੋਂ ਹੋਰ ਬਰਾਮਦਗੀਆਂ ਦੀ ਸੰਭਾਵਨਾ ਹੈ |
Ad Position 22
No active advertisement
ਪਿਛਲੀ ਖ਼ਬਰ ਡੋਡਾ ਚੂਰਾ ਪੋਸਤ ਤਸਕਰੀ ਦੇ ਮਾਮਲਿਆਂ 'ਚ ਦੋ ਵਿਅਕਤੀ ਦੋਸ਼ੀ ਕਰਾਰ, ਕੀਤਾ ਜੁਰਮਾਨਾ ਅਗਲੀ ਖ਼ਬਰ ਪੁਲਿਸ ਵਲੋਂ ਦੋ ਗੁੱਟਾਂ 'ਚ ਹੋਈ ਲੜਾਈ ਦੌਰਾਨ ਦੋਵਾਂ ਧਿਰਾਂ ਦੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
Ad Position 24