ਗਿੱਦੜਬਾਹਾ, 7 ਮਾਰਚ (ਸ਼ਿਵਰਾਜ ਸਿੰਘ ਬਰਾੜ)-ਲੰਮੇ ਸਮੇਂ ਤੋਂ ਚੱਲੇ ਆ ਰਹੇ ਸ਼ਹਿਰ ਅੰਦਰ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਆਖ਼ਰ ਟ੍ਰੈਫ਼ਿਕ ਪੁਲਿਸ ਨੇ ਪਹਿਲਕਦਮੀ ਕਰਦਿਆਂ ਕੁੰਭਕਰਨੀ ਨੀਂਦ ਸੁੱਤੇ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਨਾਜਾਇਜ਼ ਕਬਜ਼ੇ ਹਟਾਉਣ ਲਈ ਅੱਜ ਸਰਗਰਮੀ ਦੇਖਣ ਨੂੰ ਮਿਲੀ ਹੈ, ਜਿਸ ਨਾਲ ਹੁਣ ਆਮ ਲੋਕਾਂ ਨੂੰ ਟ੍ਰੈਫ਼ਿਕ ਜਾਮ ਹੋਣ ਤੋਂ ਰਾਹਤ ਮਿਲ ਸਕਦੀ ਹੈ | ਜ਼ਿਕਰਯੋਗ ਹੈ ਕਿ ਲੰਮੇ ਸਮੇਂ ਤੋਂ ਸ਼ਹਿਰ ਅੰਦਰ, ਸਰਕੂਲਰ ਰੋਡ ਅਤੇ ਬਾਈਪਾਸ ਨੂੰ ਜਾਂਦੇ ਦੋ ਸੜਕੀ ਰਸਤਿਆਂ 'ਤੇ ਕਈ ਜਗ੍ਹਾ 'ਤੇ ਦੁਕਾਨਦਾਰਾਂ ਵਲੋਂ 10 ਤੋਂ 12 ਫ਼ੁੱਟ ਜਗ੍ਹਾ ਨਾਜਾਇਜ਼ ਰੋਕੀ ਹੋਈ ਹੈ ਅਤੇ ਨਗਰ ਕੌਂਸਲ ਵਲੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸੀ | ਭੱਠੀਵਾਲਾ ਮੋੜ ਤੋਂ ਬਾਬਾ ਗੰਗਾ ਰਾਮ ਸਟੇਡੀਅਮ ਤੱਕ ਸੜਕੀ ਰਸਤੇ ਨੂੰ ਬੰਦ ਕਰਕੇ ਸੀਵਰੇਜ ਪਾਈਪ ਪਾਉਣ ਦਾ ਕੰਮ ਚੱਲ ਰਿਹਾ ਹੈ ਅਤੇ ਸਾਰਾ ਟ੍ਰੈਫ਼ਿਕ ਇਕ ਪਾਸੜ ਹੋਣ ਕਰਕੇ ਟ੍ਰੈਫ਼ਿਕ ਦੀ ਵੱਡੀ ਸਮੱਸਿਆ ਬਣੀ ਹੋਈ ਹੈ | ਇਸ ਸੰਬੰਧੀ ਬੀਤੇ ਇਕ ਦਿਨ ਪਹਿਲਾਂ ਹੀ ਇਸ ਮਾਮਲੇ ਨੂੰ 'ਅਜੀਤ' ਵਲੋਂ ਪ੍ਰਮੁੱਖਤਾ ਨਾਲ ਉਠਾਇਆ ਗਿਆ ਸੀ | ਡੀ.ਐੱਸ.ਪੀ. ਅਰੁਨ ਮੁੰਡਨ ਕਿਹਾ ਕਿ ਟ੍ਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸ਼ਹਿਰ ਵਾਸੀਆਂ ਦੇ ਸਹਿਯੋਗ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਕਿਸੇ ਨੂੰ ਕਾਨੂੰਨ ਹੱਥ ਵਿਚ ਨਹੀਂ ਲੈਣ ਦਿੱਤਾ ਜਾਵੇਗਾ ਅਤੇ ਟ੍ਰੈਫ਼ਿਕ ਇੰਚਾਰਜ ਹਰਭਗਵਾਨ ਸਿੰਘ ਨੂੰ ਕੌਂਸਲ ਕਰਮਚਾਰੀਆਂ ਦੇ ਸਹਿਯੋਗ ਨਾਲ ਸ਼ਹਿਰ ਅੰਦਰ ਅਤੇ ਸ਼ਹਿਰ ਤੋਂ ਬਾਈਪਾਸ ਜਾਣ ਵਾਲੀਆਂ ਸੜਕਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਦਿਸ਼ਾ-ਨਿਰਦੇਸ਼ ਦਿੱਤੇ ਗਏ ਸਨ | ਟ੍ਰੈਫ਼ਿਕ ਇੰਚਾਰਜ ਹਰਭਗਵਾਨ ਸਿੰਘ ਮਾਨ ਨੇ ਦੱਸਿਆ ਕਿ ਅੱਜ ਉਨ੍ਹਾਂ ਨਗਰ ਕੌਂਸਲ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ ਵਿਚ ਫ਼ੈਸਲਾ ਲਿਆ ਕਿ ਕੌਂਸਲ ਦੇ ਕਰਮਚਾਰੀਆਂ ਦੇ ਸਹਿਯੋਗ ਨਾਲ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਅੱਗੇ ਰੱਖੇ ਗਏ ਸਾਮਾਨ ਨੂੰ ਹਟਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਸ਼ਹਿਰ ਅੰਦਰ ਸਰਕੂਲਰ ਰੋਡ 'ਤੇ ਸੀਵਰੇਜ ਪਾਈਪ ਪਾਉਣ ਦੇ ਚੱਲ ਰਹੇ ਕੰਮ ਕਾਰਨ ਟ੍ਰੈਫ਼ਿਕ ਵੀ ਵੱਡੀ ਸਮੱਸਿਆ ਆ ਰਹੀ ਹੈ | ਇਸ ਲਈ ਉਨ੍ਹਾਂ ਵਲੋਂ ਸਖ਼ਤੀ ਨਾਲ ਦੁਕਾਨਦਾਰਾਂ ਦੁਆਰਾ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾਵੇਗਾ, ਤਾਂ ਕਿ ਆਮ ਲੋਕਾਂ ਨੂੰ ਲੰਘਣ ਵਿਚ ਪ੍ਰੇਸ਼ਾਨੀ ਨਾ ਆਵੇ | ਉਨ੍ਹਾਂ ਕਿਹਾ ਕਿ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਜੇਕਰ ਕੋਈ ਦੁਕਾਨਦਾਰ ਸਹਿਯੋਗ ਨਹੀਂ ਦਿੰਦਾ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਨਗਰ ਕੌਂਸਲ ਦੇ ਕਰਮਚਾਰੀ ਕਰਨ ਕੁਮਾਰ, ਟ੍ਰੈਫ਼ਿਕ ਦੇ ਏ.ਐੱਸ.ਆਈ. ਹਜੂਰ ਸਿੰਘ, ਹਰਪ੍ਰੀਤ ਕੌਰ, ਜਸਪਾਲ ਕੌਰ ਆਦਿ ਹਾਜ਼ਰ ਸਨ |