ਬਾਜਾਖਾਨਾ, 11 ਮਾਰਚ (ਜੀਵਨ ਗਰਗ, ਜਗਦੀਪ ਸਿੰਘ ਗਿੱਲ)-ਵਿਸ਼ਵ ਗਲੂਕੋਮਾ ਹਫ਼ਤੇ ਤਹਿਤ ਬਲਾਕ ਪੱਧਰੀ ਜਾਗਰੂਕਤਾ ਪ੍ਰੋਗਰਾਮ ਸਮੁਦਾਇਕ ਸਿਹਤ ਕੇਂਦਰ ਬਾਜਾਖਾਨਾ ਵਿਖੇ ਕਰਵਾਇਆ ਗਿਆ | ਮੈਡੀਕਲ ਅਫ਼ਸਰ ਡਾ. ਪਲਕ ਨੇ ਗਲੂਕੋਮਾ ਬਿਮਾਰੀ ਦੇ ਲੱਛਣਾਂ ਬਾਰੇ ਦੱਸਿਆ ਕਿ ਗਲੂਕੋਮਾ ਦੇ ਲੱਛਣ ਅਸਾਧਾਰਨ ਸਿਰ ਦਰਦ, ਅੱਖਾਂ ਵਿਚ ਦਰਦ, ਪੜਨ ਵਾਲੀਆਂ ਐਨਕਾਂ ਦਾ ਵਾਰ ਵਾਰ ਬਦਲਣਾ, ਰੌਸ਼ਨੀ ਵੱਲ ਵੇਖਣ ਦੌਰਾਨ ਪ੍ਰਕਾਸ਼ ਦੇ ਆਲੇ ਦੁਆਲੇ ਰੰਗਦਾਰ ਚੱਕਰ, ਅੱਖਾਂ ਵਿਚ ਦਰਦ ਅਤੇ ਲਾਲੀ ਦੇ ਨਾਲ ਨਿਗ੍ਹਾ ਦੀ ਅਚਾਨਕ ਹਾਨੀ, ਨਜ਼ਰ ਦੇ ਖੇਤਰ ਦਾ ਸੀਮਤ ਹੋਣਾ ਆਦਿ ਹਨ | ਅਪਥਾਲਮਿਕ ਅਫ਼ਸਰ ਅਨੁਪਿ੍ਆ ਦੱਸਿਆ ਕਿ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਬਿਮਾਰੀ ਨਾਲ ਪੀੜਤ ਮਰੀਜ਼, ਅਲਰਜੀ, ਦਮਾਂ, ਚਮੜੀ ਰੋਗਾਂ ਦੇ ਪੀੜਤ ਜੋ ਸਟੀਰਾਈਡ ਦੀ ਵਰਤੋਂ ਕਰਦੇ ਹਨ, ਕਾਲਾ ਮੋਤੀਆ ਬਿਮਾਰੀ ਦੇ ਜਲਦੀ ਸ਼ਿਕਾਰ ਹੋ ਸਕਦੇ ਹਨ | ਉਨ੍ਹਾਂ ਦੱਸਿਆ ਕਿ ਗਲੂਕੋਮਾ ਰੋਗ ਨੂੰ ਆਮ ਭਾਸ਼ਾ ਵਿਚ ਕਾਲਾ ਮੋਤੀਆ ਵੀ ਕਿਹਾ ਜਾਂਦਾ ਹੈ ਪਰ ਇਸ ਵਿਚ ਕਾਲੇ ਮੋਤੀਏ ਦੇ ਨਾਲ ਨਾਲ ਆਪਟਿਕ ਨਰਵ ਨਾਲ ਸੰਬੰਧਿਤ ਸਮੱਸਿਆਵਾਂ ਵੀ ਗਲੂਕੋਮਾ ਦੀ ਸ਼੍ਰੇਣੀ ਵਿਚ ਰੱਖੇ ਜਾ ਸਕਦੇ ਹਨ | ਉਨ੍ਹਾਂ ਦੱਸਿਆ ਕਿ ਭਾਰਤ ਵਿਚ ਕਾਲਾ ਮੋਤੀਆ (ਗਲੂਕੋਮਾ) ਸਥਾਈ ਅੰਨੇਪਣ ਦੇ ਕਾਰਨਾਂ ਵਿਚੋਂ ਇਕ ਮੁੱਖ ਕਾਰਨ ਹੈ | ਆਈ ਈ ਸੀ ਨੋਡਲ ਅਫ਼ਸਰ ਅਤੇ ਬਲਾਕ ਪ੍ਰਸਾਰ ਸਿੱਖਿਅਕ ਬਾਜਾਖਾਨਾ ਫ਼ਲੈਗ ਚਾਵਲਾ ਨੇ ਕਿਹਾ ਕਿ ਅਜਿਹੇ ਕਿਸੇ ਵੀ ਲੱਛਣ ਦੇ ਪ੍ਰਗਟ ਹੋਣ 'ਤੇ ਆਪਣੀ ਅੱਖਾਂ ਦਾ ਦਬਾਅ (ਪ੍ਰੈਸ਼ਰ) ਤੁਰੰਤ ਚੈੱਕ ਕਰਵਾਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਗਲੂਕੋਮਾ ਰੋਗ ਦੀ ਜਾਂਚ ਅਤੇ ਇਲਾਜ ਬਿੱਲਕੁਲ ਮੁਫ਼ਤ ਕੀਤੀ ਜਾ ਰਹੀ ਹੈ | ਇਸ ਜਾਗਰੂਕਤਾ ਸਮਾਗਮ ਵਿਚ ਸਿਹਤ ਸੁਪਰਵਾਈਜ਼ਰ ਕੰਵਲਜੀਤ ਕੌਰ, ਸੀ ਐਚ ਓ ਬਲਜੀਤ ਕੌਰ, ਮਪਹਵ ਅਮਰਜੀਤ ਕੌਰ, ਮੋਨੀਕਾ, ਸਮੂਹ ਅਧਿਕਾਰੀ, ਕਰਮਚਾਰੀ ਅਤੇ ਵਿਭਾਗ ਦੀਆਂ ਆਸ਼ਾ ਵੀ ਹਾਜ਼ਰ ਸਨ |