ਗਿੱਦੜਬਾਹਾ, 8 ਅਪ੍ਰੈਲ (ਪਰਮਜੀਤ ਸਿੰਘ ਥੇੜ੍ਹੀ)-ਥਾਣਾ ਗਿੱਦੜਬਾਹਾ ਪੁਲਿਸ ਨੇ ਇਕ ਵਿਅਕਤੀ ਦੇ ਬਿਆਨਾਂ 'ਤੇ ਉਸ ਨਾਲ ਹੱਥੋਪਾਈ ਕਰਨ ਤੇ ਧੋਖੇ ਨਾਲ ਉਸ ਦਾ ਏ.ਟੀ.ਐੱਮ. ਕਾਰਡ ਬਦਲਣ ਦੇ ਦੋਸ਼ਾਂ ਅਧੀਨ 3 ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨ 'ਚ ਗੁਰਜਿੰਦਰ ਸਿੰਘ ਪੁੱਤਰ ਬਿਕਰਮਜੀਤ ਸਿੰਘ ਵਾਸੀ ਪਿੰਡ ਬੁਟੱਰ ਬਖੂਹਾ ਨੇ ਦੱਸਿਆ ਕਿ ਉਹ ਭਾਰੂ ਚੌਂਕ ਵਿਖੇ ਕਾਰ ਰਿਪੇਅਰ ਦਾ ਕੰਮ ਕਰਦਾ ਹੈ | ਬੀਤੇ ਦਿਨ ਦੁਪਹਿਰ ਕਰੀਬ 12 ਵਜੇ ਉਹ ਆਪਣੇ ਐਕਸਿਸ ਬੈਂਕ ਦੇ ਏ.ਟੀ.ਐੱਮ. ਰਾਹੀਂ ਪੈਸੇ ਕਢਵਾਉਣ ਲਈ ਭੱਠੀ ਵਾਲਾ ਮੌੜ ਸਥਿਤ ਪੀ.ਐੱਨ.ਬੀ. ਬੈਂਕ ਦੇ ਏ.ਟੀ.ਐੱਮ ਵਿਚ ਗਿਆ, ਜਿੱਥੇ ਪਹਿਲਾਂ ਹੀ ਇਕ ਵਿਅਕਤੀ ਖੜ੍ਹਾ ਸੀ ਤੇ 2 ਹੋਰ ਵਿਅਕਤੀ ਏ.ਟੀ.ਐੱਮ. ਦੇ ਬਾਹਰ ਖੜ੍ਹੇ ਸਨ | ਇਸੇ ਦੌਰਾਨ ਬਾਹਰ ਖੜ੍ਹੇ ਵਿਅਕਤੀਆਂ ਵਿਚੋਂ ਇਕ ਵਿਅਕਤੀ ਏ.ਟੀ.ਐੱਮ. ਅੰਦਰ ਆ ਗਿਆ ਤੇ ਜਦੋਂ ਉਹ ਏ.ਟੀ.ਐੱਮ. ਵਿਚੋਂ ਪੈਸੇ ਕਢਵਾਉਣ ਲਈ ਆਪਣਾ ਏ.ਟੀ.ਐੱਮ. ਕਾਰਡ ਮਸ਼ੀਨ ਵਿਚ ਪਾਇਆ ਤੇ ਪੈਸੇ ਕਢਵਾਉਣ ਲਈ ਅਪਲਾਈ ਕੀਤਾ ਤਾਂ ਪਹਿਲਾਂ ਖੜੇ੍ਹ ਵਿਅਕਤੀ ਨੇ ਏ.ਟੀ.ਐੱਮ. ਦਾ ਕੋਈ ਬਟਨ ਦਬਾ ਦਿੱਤਾ, ਜਿਸ ਕਾਰਨ ਪੈਸੇ ਨਹੀਂ ਨਿਕਲੇ, ਜਿਸ 'ਤੇ ਉਸ ਨੇ ਏ.ਟੀ.ਐੱਮ. ਮਸ਼ੀਨ ਵਿਚੋਂ ਬਾਹਰ ਕੱਢ ਲਿਆ | ਇਸੇ ਦੌਰਾਨ ਉਕਤ ਵਿਅਕਤੀ ਨੇ ਕਿਸੇ ਚਲਾਕੀ ਨਾਲ ਮੇਰਾ ਐਕਸਿਸ ਬੈਂਕ ਦਾ ਏ.ਟੀ.ਐੱਮ. ਬਦਲ ਕੇ ਉਸ ਨੂੰ ਉਸੇ ਬੈਂਕ ਦਾ ਕੋਈ ਜਾਅਲੀ ਏ.ਟੀ.ਐੱਮ. ਕਾਰਡ ਦੇ ਦਿੱਤਾ | ਉਸ ਵਲੋਂ ਆਪਣੇ ਅਸਲ ਏ.ਟੀ.ਐੱਮ. ਕਾਰਡ ਦੀ ਮੰਗ ਕਰਨ 'ਤੇ ਉਕਤ ਵਿਅਕਤੀ ਉਸ ਨਾਲ ਨਾਲ ਹੱਥੋਪਾਈ ਕਰਨ ਲੱਗੇ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗੇ | ਜਦੋਂ ਉਸ ਵਲੋਂ ਵਲੋਂ ਰੌਲਾ ਪਾਇਆ ਗਿਆ, ਉਕਤਾਨ ਉਸ ਦਾ ਏ.ਟੀ.ਐੱਮ. ਲੈ ਕੇ ਮੌਕਾ ਤੋਂ ਭੱਜ ਗਏ | ਉਹ ਇਕ ਵਿਅਕਤੀ ਦੇ ਪਿੱਛੇ ਭੱਜਿਆ, ਜਿਸ ਨੂੰ ਉਸ ਨੇ ਤੇ ਹੋਰਨਾਂ ਲੋਕਾਂ ਨੇ ਸ਼ਨਾਖ਼ਤ ਕਰਕੇ ਉਸ ਨੂੰ ਕਾਬੂ ਕਰ ਲਿਆ | ਉਕਤ ਮਾਮਲੇ ਵਿਚ ਪੁਲਿਸ ਨੇ ਦਾਸ ਪੁੱਤਰ ਦੀਪ ਚੰਦ ਵਾਸੀ ਇੰਦਰਗੜ੍ਹ ਥਾਣਾ ਲਖਨਮਾਜਰਾ ਜ਼ਿਲ੍ਹਾ ਰੋਹਤਕ ਤੇ ਇਸ ਦੇ ਸਾਥੀਆਂ ਰਵੀ ਪੁੱਤਰ ਧੀਰਾ ਵਾਸੀ ਕਿਨਾਨਾ ਜ਼ਿਲ੍ਹਾ ਜੀਂਦ ਤੇ ਨਵੀਨ ਉਰਫ਼ ਸੋਨੂੰ ਪੁੱਤਰ ਸੁਭਾਸ਼ ਵਾਸੀ ਅਣਪਛਾਤੇੇ ਖ਼ਿਲਾਫ਼ ਮੁਕੱਦਮਾ ਦਰਜ ਕਰਦੇ ਹੋਏ ਦਾਸ ਪੁੱਤਰ ਦੀਪ ਚੰਦ ਨੂੰ ਗਿ੍ਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |