ਸ੍ਰੀ ਮੁਕਤਸਰ ਸਾਹਿਬ, 8 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਨੌਜਵਾਨ ਭਾਰਤ ਸਭਾ ਵਲੋਂ ਸੂਬਾ ਪੱਧਰੀ ਸੱਦੇ ਤਹਿਤ ਸ੍ਰੀ ਮੁਕਤਸਰ ਸਾਹਿਬ ਵਿਖੇ ਵਿਸ਼ਾਲ ਮੋਟਰਸਾਈਕਲ ਮਾਰਚ ਕੱਢਿਆ ਗਿਆ | ਇਹ ਮਾਰਚ ਵੜਿੰਗ ਟੋਲ ਪਲਾਜ਼ਾ ਤੋਂ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਸਾਹਿਬ ਤੱਕ ਕੀਤਾ ਗਿਆ | ਇਸ ਮੌਕੇ ਇਲਾਕਾ ਪ੍ਰਧਾਨ ਗੁਰਤੇਜ ਸਿੰਘ ਵੜਿੰਗ ਨੇ ਕਿਹਾ ਕਿ ਪੰਜਾਬ ਨੂੰ ਪੁਲਿਸ ਸਟੇਟ ਬਣਾਇਆ ਜਾ ਰਿਹਾ ਹੈ, ਜਿਸ ਤਹਿਤ ਨੌਜਵਾਨਾਂ ਦੇ ਕਥਿਤ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਹਨ | ਨੌਜਵਾਨ ਭਾਰਤ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਖੋਖਰ ਤੇ ਸਭਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਮਹਾਸ਼ਾ ਸਿੰਘ ਸਮਾਘ ਨੇ ਕਿਹਾ ਕਿ 'ਆਪ' ਸ਼ਹੀਦ ਭਗਤ ਸਿੰਘ ਦਾ ਨਾਂਅ ਵਰਤ ਕੇ ਸੱਤਾ ਵਿਚ ਆਈ, ਪਰ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦਾ ਤੂੜੀ ਬਾਜ਼ਾਰ ਫ਼ਿਰੋਜ਼ਪੁਰ ਵਿਚ ਸਥਿਤ ਗੁਪਤ ਟਿਕਾਣੇ ਨੂੰ ਅੱਜ ਤੱਕ ਆਮ ਆਦਮੀ ਪਾਰਟੀ ਨੇ ਸਾਂਭਿਆ ਨਹੀਂ ਹੈ | ਪੰਜਾਬ ਅੰਦਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਲੋਕਾਂ ਦੇ ਘਰ ਢਾਹੇ ਜਾ ਰਹੇ ਹਨ | ਕਿਸਾਨਾਂ ਤੇ ਮਜ਼ਦੂਰਾਂ ਨੂੰ ਡਾਂਗ ਦੇ ਜ਼ੋਰ 'ਤੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਆਗੂ ਵਿਜੇ ਕੁਮਾਰ ਨੇ ਕਿਹਾ ਕਿ ਸਮੇਂ-ਸਮੇਂ 'ਤੇ ਸਰਕਾਰ ਨੌਜਵਾਨਾਂ ਨੂੰ ਵਰਤਦੀਆਂ ਆਇਆ ਹਨ ਤੇ ਆਪਣੇ ਕੰਮ ਕੱਢਣ ਤੋਂ ਬਾਅਦ ਗੈਂਗਸਟਰ ਕਹਿ ਕੇ ਨੌਜਵਾਨਾਂ ਨੂੰ ਮਾਰਿਆ ਜਾਂਦਾ ਹੈ | ਇਸ ਮੌਕੇ ਗੁਰਾਂਦਿੱਤਾ ਸਿੰਘ ਨੇ ਕਿਹਾ ਕਿ ਅੱਜ ਜਦੋਂ ਅਮਰੀਕਾ ਈਰਾਨ ਦੀ ਜੰਗ ਲੱਗੀ ਹੋਈ ਹੈ, ਇਸ ਦਾ ਅਸਰ ਪੂਰੇ ਵਿਸ਼ਵ 'ਚ ਵੇਖਣ ਨੂੰ ਮਿਲ ਰਿਹਾ ਹੈ, ਉੱਥੇ ਹੀ ਭਾਰਤ ਵਿਚ ਵੀ ਲੋਕਾਂ ਦੀ ਘਰੇਲੂ ਜ਼ਿੰਦਗੀ 'ਤੇ ਅਸਰ ਪਿਆ ਹੈ | ਲੋਕਾਂ ਨੂੰ ਗੈਸ ਸਿਲੰਡਰ ਲੈਣ ਲਈ ਲੰਮੀਆਂ ਲਾਈਨਾਂ ਵਿਚ ਲੱਗਣਾ ਪੈ ਰਿਹਾ ਹੈ | ਇਸ ਮੌਕੇ ਮੰਗਾਂ ਨੂੰ ਲੈ ਕੇ ਮੌਕੇ 'ਤੇ ਤਹਿਸੀਲਦਾਰ ਅਰਸ਼ਦੀਪ ਕੌਰ ਨੂੰ ਮੰਗ ਪੱਤਰ ਸੌਂਪਿਆ ਗਿਆ | ਇਸ ਦੌਰਾਨ ਗਗਨਦੀਪ ਮੁਕਤਸਰ, ਸ਼ਮਸ਼ੇਰ ਸਿੰਘ, ਲਵਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਜਗਜੀਤ ਸਿੰਘ, ਗੁਰਵਿੰਦਰ ਸਿੰਘ, ਰੌਸ਼ਨ ਸਿੰਘ, ਜੀਵਨ ਸਿੰਘ, ਗੁਰਭੇਜ ਸਿੰਘ, ਜਸਵੀਰ ਸਿੰਘ, ਵਿੱਕੀ ਸਿੰਘ, ਜਗਦੀਸ਼ ਸਿੰਘ, ਜਸਕਰਨ ਸਿੰਘ, ਸੋਨੀ ਸੰਗੂਧੌਣ, ਸਤਨਾਮ ਸਿੰਘ, ਗੁਰਤੇਜ ਸਿੰਘ ਆਦਿ ਨੌਜਵਾਨ ਨੇ ਮੋਟਰਸਾਈਕਲ ਰਾਹੀਂ ਸ਼ਮੂਲੀਅਤ ਕੀਤੀ |