ਸ੍ਰੀ ਮੁਕਤਸਰ ਸਾਹਿਬ, 16 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਅਬੋਹਰ ਰੋਡ ਸਥਿਤ ਐਚ.ਐਸ. ਹਾਈ ਸਕੂਲ ਦੀ ਹੋਣਹਾਰ ਵਿਦਿਆਰਥਣ ਮਨਮੀਤ ਕੌਰ ਬਰਾੜ ਪੁੱਤਰੀ ਜਗਜੀਤ ਸਿੰਘ ਬਰਾੜ ਵਾਸੀ ਪਿੰਡ ਚੱਕ ਸ਼ੇਰੇਵਾਲਾ ਨੇ ਦਸਵੀਂ ਜਮਾਤ (ਸੀ.ਬੀ.ਐੱਸ.ਈ.) 'ਚ 99.4 ਪ੍ਰਤੀਸ਼ਤ ਅੰਕ ਹਾਸਿਲ ਕਰਕੇ ਜ਼ਿਲ੍ਹੇ ਭਰ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ | ਜ਼ਿਲ੍ਹੇ ਦੀ ਟਾਪਰ ਮਨਮੀਤ ਕੌਰ ਬਰਾੜ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਡਾਕਟਰ ਬਣ ਕੇ ਸਮਾਜ ਦੀ ਸੇਵਾ ਕਰਨਾ ਚਾਹੁੰਦੀ ਹੈ | ਆਰਥੋ (ਹੱਡੀਆਂ) ਦੀ ਮਾਹਿਰ ਡਾਕਟਰ ਬਣਨਾ ਉਸ ਦਾ ਸੁਪਨਾ ਹੈ | ਇਸ ਸਮੇਂ ਉਸ ਨੇ ਅਗਲੇਰੀ ਮੈਡੀਕਲ ਦੀ ਪੜ੍ਹਾਈ ਲਈ 10+1 ਵਿਚ ਭਾਈ ਮਸਤਾਨ ਸਿੰਘ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਮੁਕਤਸਰ ਸਾਹਿਬ ਵਿਖੇ ਦਾਖ਼ਲਾ ਲਿਆ ਹੈ | ਉਸ ਦੇ ਪਿਤਾ ਜਗਜੀਤ ਸਿੰਘ ਬਰਾੜ ਆਰਮੀ ਵਿਚ ਸੇਵਾਵਾਂ ਨਿਭਾ ਰਹੇ ਹਨ | ਉਨ੍ਹਾਂ ਕਿਹਾ ਕਿ ਇਸ ਪ੍ਰਾਪਤੀ ਲਈ ਮਿਹਨਤ ਤੇ ਲਗਨ ਤੋਂ ਇਲਾਵਾ ਅਧਿਆਪਕਾਂ, ਪਿਤਾ ਜਗਜੀਤ ਸਿੰਘ, ਮਾਤਾ ਕੁਲਵਿੰਦਰ ਕੌਰ, ਦਾਦਾ ਸੁਖਮੰਦਰ ਸਿੰਘ ਅਤੇ ਦਾਦੀ ਹਰਵਿੰਦਰ ਕੌਰ ਦਾ ਪੂਰਨ ਸਹਿਯੋਗ ਹੈ | ਉਨ੍ਹਾਂ ਕਿਹਾ ਕਿ ਮੇਰੀ ਇਸ ਪ੍ਰਾਪਤੀ 'ਤੇ ਪਰਿਵਾਰਕ ਮੈਂਬਰ ਬਹੁਤ ਖ਼ੁਸ਼ ਹਨ ਅਤੇ ਹਰ ਪਾਸਿਓਾ ਵਧਾਈਆਂ ਮਿਲ ਰਹੀਆਂ ਹਨ | ਇਸ ਖ਼ੁਸ਼ੀ ਮੌਕੇ ਮਨਮੀਤ ਕੌਰ ਦੀ ਦਾਦੀ, ਮਾਤਾ, ਤਾਇਆ ਹਰਜੀਤ ਸਿੰਘ ਬਰਾੜ ਅਤੇ ਹੋਰਨਾਂ ਨੇ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ | ਉਨਾਂ ਐਚ.ਐਸ. ਹਾਈ ਸਕੂਲ ਦੀ ਮੈਨੇਜਮੈਂਟ ਕਮੇਟੀ, ਪਿ੍ੰਸੀਪਲ ਅਤੇ ਸਟਾਫ਼ ਮੈਂਬਰਾਂ ਦਾ ਵੀ ਧੰਨਵਾਦ ਕੀਤਾ |