ਮਲੋਟ, 18 ਅਪ੍ਰੈਲ (ਪਾਟਿਲ)-ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡੀ ਸਿਆਸੀ ਕਾਮਯਾਬੀ ਮਿਲੀ ਹੈ, ਜਦੋਂ ਅਕਾਲੀ ਦਲ ਤੇ ਕਾਂਗਰਸ ਦੇ ਕਈ ਪ੍ਰਮੁੱਖ ਆਗੂਆਂ ਨੇ ਪਾਰਟੀ ਵਿਚ ਸ਼ਮੂਲੀਅਤ ਕਰ ਲਈ | ਅੱਜ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੀ ਹਾਜ਼ਰੀ ਵਿਚ ਸਾਬਕਾ ਐੱਮ.ਸੀ. ਗਿਆਨੀ ਓਮ ਪ੍ਰਕਾਸ਼, ਲਾਲ ਚੰਦ (ਬਿਜਲੀ ਬੋਰਡ) ਅਤੇ ਕਾਂਗਰਸੀ ਆਗੂ ਡਾ. ਇੰਦਰਜੀਤ ਸਿੰਘ ਅਰੋਦਿਆ 'ਆਪ' ਵਿਚ ਸ਼ਾਮਿਲ ਹੋ ਗਏ | ਇਸ ਮੌਕੇ ਸਾਬਕਾ ਨਗਰ ਕੌਂਸਲ ਪ੍ਰਧਾਨ ਸਤਿਗੁਰੂ ਦੇਵ ਰਾਜ ਪੱਪੀ ਗਰਗ ਅਤੇ ਜੋਨੀ ਗਰਗ ਦੀ ਪ੍ਰੇਰਨਾ ਨਾਲ ਇਹ ਆਗੂ ਪਾਰਟੀ ਵਿਚ ਆਏ | ਇਸ ਤੋਂ ਇਲਾਵਾ ਹੋਰ ਪਾਰਟੀਆਂ ਦੇ ਕਈ ਹੋਰ ਆਗੂਆਂ ਨੇ ਵੀ 'ਆਪ' ਦਾ ਪੱਲਾ ਫ਼ੜਿ੍ਹਆ | 'ਆਪ' ਆਗੂਆਂ ਨੇ ਕਿਹਾ ਕਿ ਇਹ ਸ਼ਮੂਲੀਅਤ ਨਗਰ ਕੌਂਸਲ ਚੋਣਾਂ ਵਿਚ ਪਾਰਟੀ ਨੂੰ ਵੱਡੀ ਮਜ਼ਬੂਤੀ ਦੇਵੇਗੀ ਅਤੇ ਆਉਣ ਵਾਲੇ ਸਮੇਂ ਵਿਚ ਲੋਕਾਂ ਦੀ ਸੇਵਾ ਹੋਰ ਤੇਜ਼ੀ ਨਾਲ ਕੀਤੀ ਜਾਵੇਗੀ | ਸਿਆਸੀ ਵਿਸ਼ਲੇਸ਼ਕਾਂ ਦੇ ਅਨੁਸਾਰ ਚੋਣਾਂ ਤੋਂ ਠੀਕ ਪਹਿਲਾਂ ਹੋਈ ਇਹ ਸ਼ਮੂਲੀਅਤ ਇਲਾਕੇ ਦੀ ਰਾਜਨੀਤੀ ਵਿਚ ਵੱਡਾ ਅਸਰ ਪਾ ਸਕਦੀ ਹੈ ਅਤੇ ਹੋਰ ਪਾਰਟੀਆਂ ਲਈ ਚੁਣੌਤੀ ਬਣ ਸਕਦੀ ਹੈ |