ਸ੍ਰੀ ਮੁਕਤਸਰ ਸਾਹਿਬ, 28 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੀ ਮਲੋਟ ਰੋਡ ਤੋਂ ਸ੍ਰੀ ਦਰਬਾਰ ਸਾਹਿਬ ਦੇ ਗੇਟ ਨੰਬਰ 6 ਨੂੰ ਜਾਂਦੀ ਡਾਕਟਰ ਧਾਲੀਵਾਲ ਵਾਲੀ ਗਲੀ, ਸ੍ਰੀ ਦਰਬਾਰ ਸਾਹਿਬ ਦੇ ਗੇਟ ਨੰਬਰ ਇਕ, ਦੋ, ਤਿੰਨ, ਚਾਰ ਅਤੇ ਪੰਜ ਵਿਚ ਜਲ ਸਪਲਾਈ ਦੀਆਂ ਪਾਈਪਾਂ ਪਾਈਆਂ ਗਈਆਂ ਹਨ, ਪਰ ਰਸਤਿਆਂ ਨੂੰ ਬਿਲਕੁਲ ਠੀਕ ਨਹੀਂ ਕੀਤਾ ਗਿਆ, ਜਿਸ ਕਰਕੇ ਰਾਹਗੀਰ ਪ੍ਰੇਸ਼ਾਨ ਹਨ | ਇਹ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਆਗੂ ਤੇ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਮਿੰਟੂ ਕੰਗ ਨੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵਿਚ ਹੀ ਦੂਜੀ ਵਾਰ ਪਾਈਪਾਂ ਪਾਈਆਂ ਗਈਆਂ ਹਨ ਅਤੇ ਪਾਈਪਾਂ ਪਾਉਣ ਮਗਰੋਂ ਗਲੀਆਂ ਨੂੰ ਠੀਕ ਨਹੀਂ ਕੀਤਾ ਗਿਆ, ਜਿਸ ਕਰਕੇ ਆਲੇ-ਦੁਆਲੇ ਦੇ ਮੁਹੱਲਾ ਵਾਸੀ ਅਤੇ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੇ ਸ਼ਰਧਾਲੂ ਬਹੁਤ ਪ੍ਰੇਸ਼ਾਨ ਹਨ | ਪਹਿਲਾਂ ਵਿਸਾਖੀ ਪੁਰਬ ਮੌਕੇ ਅਤੇ ਹੁਣ ਚਾਰ ਮਈ ਨੂੰ ਆ ਰਹੇ 40 ਮੁਕਤਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਸ੍ਰੀ ਦਰਬਾਰ ਸਾਹਿਬ ਵਿਖੇ ਹੋ ਰਹੇ ਹਨ | ਉਕਤ ਰਸਤਿਆਂ ਵਿਚੋਂ ਹੀ ਸੰਗਤ ਨੇ ਲੰਘਣਾ ਹੈ, ਜਿਸ ਕਰਕੇ ਬਹੁਤ ਮੁਸ਼ਕਿਲ ਪੇਸ਼ ਆਵੇਗੀ | ਉਨ੍ਹਾਂ ਕਿਹਾ ਕਿ ਹੁਣ ਕਈ ਦਿਨਾਂ ਦਾ ਕੰਮ ਹੀ ਬੰਦ ਪਿਆ ਹੈ ਅਤੇ ਕਈ ਥਾਵਾਂ 'ਤੇ ਪਾਈਪਾਂ ਪਾਉਣ ਦਾ ਕੰਮ ਰੁਕਿਆ ਪਿਆ ਹੈ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਿਸ ਜਗਾ 'ਤੇ ਵੀ ਜਲ ਸਪਲਾਈ ਜਾਂ ਜਿਹੜੇ ਮੁਹੱਲੇ ਵਿਚ ਸੀਵਰੇਜ ਪਾਈਪਾਂ ਪਾਈਆਂ ਗਈਆਂ ਹਨ, ਉਨ੍ਹਾਂ ਰਸਤਿਆਂ ਨੂੰ ਖੱਡੇ ਭਰ ਕੇ ਨਾਲੋਂ-ਨਾਲ ਚਾਲੂ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਮੁਸ਼ਕਿਲ ਪੇਸ਼ ਨਾ ਆਵੇ |