ਮਲੋਟ, 1 ਮਈ (ਪਾਟਿਲ)-ਅੱਜ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਵਲੋਂ ਨਗਰ ਕੌਂਸਲ ਚੋਣਾਂ ਦੇ ਸੰਬੰਧ ਵਿਚ ਅਹਿਮ ਮੀਟਿੰਗ ਬਲਾਕ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ ਦੇ ਦਫ਼ਤਰ ਬਿਰਲਾ ਰੋਡ ਵਿਖੇ ਵੱਖ-ਵੱਖ ਆਗੂਆਂ ਨਾਲ ਕੀਤੀ ਗਈ | ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਫਾਟਕ ਤੋਂ ਪਾਰ ਵਾਰਡਾਂ ਦੀ ਚੋਣ ਸੰਬੰਧੀ ਵਿਉਂਤ ਬਣਾਈ ਗਈ | ਬਲਾਕ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ ਵਲੋਂ ਵੱਖ-ਵੱਖ ਵਾਰਡਾਂ ਦੇ ਸੰਭਾਵਿਤ ਉਮੀਦਵਾਰਾਂ ਦੀ ਰਿਪੋਰਟ ਜ਼ਿਲ੍ਹਾ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਨੂੰ ਸੌਂਪੀ ਗਈ | ਜ਼ਿਲ੍ਹਾ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਵਲੋਂ ਕਿਹਾ ਗਿਆ ਕਿ ਆਉਣ ਵਾਲੇ ਦਿਨਾਂ ਵਿਚ ਇਕ ਕਮੇਟੀ ਦਾ ਗਠਨ ਕੀਤਾ ਜਾਵੇਗਾ, ਜੋ ਕਿ ਨਗਰ ਕੌਂਸਲ ਚੋਣਾਂ ਲਈ ਹਰ ਵਾਰਡ ਵਿਚ ਕਾਂਗਰਸ ਪਾਰਟੀ ਦੇ ਮਜ਼ਬੂਤ ਉਮੀਦਵਾਰਾਂ ਦਾ ਚੋਣ ਕਰੇਗੀ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਆਉਣ ਵਾਲੀਆਂ ਚੋਣਾਂ ਲੜਨ ਲਈ ਤਿਆਰ-ਬਰ-ਤਿਆਰ ਹੈ | ਪ੍ਰਧਾਨ ਨੇ ਕਿਹਾ ਕਿ ਸਰਕਾਰ ਵਲੋਂ ਨਗਰ ਕੌਂਸਲ ਚੋਣਾਂ ਲਈ ਜੋ ਨਕਸ਼ਾ ਤਿਆਰ ਕੀਤਾ ਹੈ, ਉਸ ਦੇ ਉਲਟ ਕਈ ਗਲੀਆਂ ਦੀਆਂ ਵੋਟਾਂ ਗ਼ਲਤ ਢੰਗ ਨਾਲ ਵੱਧ-ਘੱਟ ਕੀਤੀਆਂ ਗਈਆਂ ਹਨ, ਇਸ ਕਾਰਨ ਅਸੀਂ ਹਰ ਵਾਰਡ ਦੀ ਮੁਕੰਮਲ ਰਿਪੋਰਟ ਤਿਆਰ ਕਰਕੇ ਜਲਦੀ ਮਾਣਯੋਗ ਹਾਈਕੋਰਟ ਵਿਚ ਦਰਖ਼ਾਸਤ ਲਾਵਾਂਗੇ | ਇਸ ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਤੋਂ ਇਲਾਵਾ ਬਲਾਕ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ, ਬਲਕਾਰ ਸਿੰਘ ਔਲਖ, ਜੰਗਬਾਜ ਸ਼ਰਮਾ, ਮਾਸਟਰ ਜਸਪਾਲ ਸਿੰਘ, ਪ੍ਰੇਮ ਰਾਜਪੂਤ, ਗੁੱਟੂ ਸ਼ਰਮਾ, ਠੇਕੇਦਾਰ ਗੁਰਮੁਖ ਸਿੰਘ, ਅਵਤਾਰ ਸੋਨੀ, ਡਾ. ਦਿਆਲ ਸਿੰਘ, ਦਲਵੀਰ ਸਿੰਘ, ਕੁਲਵੰਤ ਸਿੰਘ ਮੱਕੜ, ਦਿਹਾਤੀ ਪ੍ਰਧਾਨ ਮੱਖਣ ਸਿੰਘ, ਹਰਮਨਜੀਤ ਸਿੰਘ, ਪਿੰਦਰ ਬਰਾੜ, ਜਸਵੀਰ ਸਿੰਘ, ਬਿੱਟੂ ਤਾਮਕੋਟ, ਰਾਜੇਸ਼ ਮਦਾਨ, ਬਲੋਚ ਸਿੰਘ ਆਦਿ ਹਾਜ਼ਰ ਸਨ |