ਫ਼ਰੀਦਕੋਟ, 6 ਮਈ (ਸਰਬਜੀਤ ਸਿੰਘ)-ਸਟੇਟ ਬੈਂਕ ਆਫ਼ ਇੰਡੀਆ ਨਾਲ ਸੰਬੰਧਿਤ ਪੰਜਾਬ ਸਰਕਾਰ ਦੇ ਲੱਖਾਂ ਪੈਨਸ਼ਨਰਾਂ ਨੂੰ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਸਵੇਰੇ ਸਵੇਰੇ ਜਾਂ ਗਜਟਿਡ ਛੁੱਟੀ ਹੋਣ ਦੀ ਸੂਰਤ ਵਿਚ ਅਗਲਾ ਦਿਨ ਚੜ੍ਹਨ ਸਾਰ ਹੀ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਪੈਨਸ਼ਨ ਜਮਾਂ ਹੋਣ ਦਾ ਮੋਬਾਈਲ 'ਤੇ ਮੈਸੇਜ ਆ ਜਾਂਦਾ ਸੀ, ਪਰ ਅੱਜ ਛੇ ਤਰੀਕ ਤੱਕ ਵੀ ਅਪ੍ਰੈਲ ਮਹੀਨੇ ਦੀ ਪੈਨਸ਼ਨ ਜਮਾਂ ਹੋਣ ਅਤੇ ਸੋਧੇ ਤਨਖਾਹ ਸਕੇਲਾਂ ਅਨੁਸਾਰ ਬਣਦੀ ਮਹੀਨਾ ਵਾਰ ਕਿਸ਼ਤ ਜਮਾਂ ਹੋਣ ਦਾ ਮੈਸੇਜ ਨਾ ਆਉਣ ਕਰਕੇ ਪੈਨਸ਼ਨਰ ਬਹੁਤ ਪ੍ਰੇਸ਼ਾਨੀ ਦੇ ਦੌਰ ਵਿਚੋਂ ਦੀ ਗੁਜਰ ਰਹੇ ਹਨ | ਪੰਜਾਬ ਸਰਕਾਰ ਦੇ ਇਸ ਰਵਈਏ ਦੇ ਖ਼ਿਲਾਫ਼ ਆਪਣਾ ਰੋਸ ਪ੍ਰਗਟ ਕਰਨ ਲਈ ਫ਼ਰੀਦਕੋਟ ਜ਼ਿਲ੍ਹੇ ਵਿਚ ਕਾਰਜਸੀਲ ਪੈਨਸ਼ਨਰਾਂ ਦੀਆਂ ਤਿੰਨ ਪ੍ਰਮੁੱਖ ਜਥੇਬੰਦੀਆਂ ਪੰਜਾਬ ਪੈਨਸ਼ਨਰਜ਼ ਯੂਨੀਅਨ ਸਬੰਧਿਤ ਏਟਕ, ਪੰਜਾਬ ਗੌਰਮਿੰਟ ਸਿਵਲ ਪੈਨਸ਼ਨਰ ਐਸੋਸੀਏਸਨ, ਡੈਮੋਕਰੇਟਿਕ ਪੈਨਸ਼ਨਰਜ਼ ਫਰੰਟ ਵਲੋਂ 8 ਮਈ ਨੂੰ ਸਵੇਰੇ ਠੀਕ 10:30 ਵਜੇ ਖਜ਼ਾਨਾ ਦਫ਼ਤਰ ਫ਼ਰੀਦਕੋਟ ਸਾਹਮਣੇ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਪੁਤਲੇ ਫੂਕਣ ਦਾ ਐਲਾਨ ਕੀਤਾ ਗਿਆ ਹੈ | ਇਨ੍ਹਾਂ ਜਥੇਬੰਦੀਆਂ ਦੇ ਪ੍ਰਮੁੱਖ ਆਗੂ ਪ੍ਰੇਮ ਚਾਵਲਾ, ਇੰਦਰਜੀਤ ਸਿੰਘ ਖੀਵਾ, ਸੁਖਮੰਦਰ ਸਿੰਘ ਸੰਧਵਾਂ, ਕੁਲਵੰਤ ਸਿੰਘ ਚਾਨੀ, ਸੁਭਾਸ਼ ਚੰਦਰ ਸ਼ਰਮਾ, ਕੁਲਵਿੰਦਰ ਸਿੰਘ ਮੌੜ, ਸੋਮ ਨਾਥ ਅਰੋੜਾ, ਪਿ੍ੰਸੀਪਲ ਕਿ੍ਸ਼ਨ ਲਾਲ, ਗੁਰਚਰਨ ਸਿੰਘ ਸਿੱਖਾਂਵਾਲਾ, ਇਕਬਾਲ ਸਿੰਘ ਮੰਘੇੜਾ, ਗੁਰਮੀਤ ਸਿੰਘ ਜੈਤੋ, ਪੂਰਨ ਸਿੰਘ ਸਰਾਵਾਂ, ਤਰਸੇਮ ਨਰੂਲਾ, ਜਗਤਾਰ ਸਿੰਘ ਗਿੱਲ ਅਤੇ ਸੁਰਜੀਤ ਸਿੰਘ ਭੱਟੀ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਨ੍ਹਾਂ ਪੁਤਲੇ ਫ਼ੂਕ ਪ੍ਰਦਰਸ਼ਨਾਂ ਦਾ ਪੰਜਾਬ ਸਰਕਾਰ 'ਤੇ ਕੋਈ ਅਸਰ ਨਾ ਹੋਇਆ ਤਾਂ ਆਉਣ ਵਾਲੇ ਸਮੇਂ ਵਿਚ ਪੰਜਾਬ ਸਰਕਾਰ ਦੇ ਖ਼ਿਲਾਫ਼ ਸੰਘਰਸ਼ਾਂ ਦੀ ਰੂਪ ਰੇਖਾ ਹੋਰ ਤਿੱਖੀ ਕੀਤੀ ਜਾਵੇਗੀ | ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੇ ਲੱਖਾਂ ਪੈਨਸ਼ਨਰਾਂ ਨੂੰ ਤੁਰੰਤ ਅਪ੍ਰੈਲ ਮਹੀਨੇ ਦੀ ਪੈਨਸ਼ਨ ਦਿੱਤੀ ਜਾਵੇ |