ਮਲੋਟ, 13 ਮਈ (ਅਜਮੇਰ ਸਿੰਘ ਬਰਾੜ)-ਮਲੋਟ ਸ਼ਹਿਰ ਦੇ ਵਾਰਡ ਨੰਬਰ 10 ਵਿਖੇ ਪਵਿੱਤਰ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਦੇ ਸੰਬੰਧ ਵਿਚ ਇਕ ਮਈ ਨੂੰ ਇਲਾਕੇ ਦੇ ਮਹਾਂਪੁਰਸ਼ਾਂ ਤੇ ਸਾਧ ਸੰਗਤ ਨੇ ਇਕੱਠੇ ਹੋ ਕੇ ਪ੍ਰਸ਼ਾਸਨ ਨੂੰ ਕਿਹਾ ਸੀ ਕਿ ਜੇਕਰ 10 ਦਿਨਾਂ ਦੇ ਵਿਚ ਉਨ੍ਹਾਂ ਨੂੰ ਇਸ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਨਾ ਫੜਿਆ ਗਿਆ ਜਾਂ ਇਨਸਾਫ਼ ਨਾ ਮਿਲਿਆ ਤਾਂ ਉਹ ਦੁਬਾਰਾ ਮੀਟਿੰਗ ਕਰਕੇ ਸ਼ਹਿਰ ਵਿਚ ਰੋਸ ਮਾਰਚ ਕਰਨਗੇ ਪਰ ਅੱਜ ਦੱਸ ਦਿਨਾਂ ਤੋਂ ਜ਼ਿਆਦਾ ਸਮਾਂ ਹੋਣ ਕਰਕੇ ਸ਼ਹਿਰ ਅਤੇ ਇਲਾਕੇ ਦੀਆਂ ਸਿੱਖ ਸੰਗਤਾਂ ਨੇ ਗੁਰਦੁਆਰਾ ਭਾਈ ਜਗਤਾ ਜੀ ਵਿਖੇ ਮੀਟਿੰਗ ਕੀਤੀ ਅਤੇ ਸ਼ਹਿਰ ਵਿਚ ਰੋਸ ਮਾਰਚ ਵੀ ਕੀਤਾ | ਮੀਟਿੰਗ ਵਿਚ ਸ਼ਾਮਿਲ ਹੁੰਦਿਆਂ ਡਾ. ਸੁਖਦੇਵ ਸਿੰਘ ਗਿੱਲ, ਭਾਈ ਚਰਨਜੀਤ ਸਿੰਘ ਖਾਲਸਾ, ਭਾਈ ਬੂਟਾ ਸਿੰਘ ਠੇਠੀ, ਭਾਈ ਹਰਦੀਪ ਸਿੰਘ ਪ੍ਰਧਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਦਰਬਾਰ ਸਾਹਿਬ ਮੁਕਤਸਰ ਸਾਹਿਬ ਦੇ ਵਾਈਸ ਮੈਨੇਜਰ ਸੁਖਦੇਵ ਸਿੰਘ, ਬਾਬਾ ਬਚਿੱਤਰ ਸਿੰਘ ਤੋਂ ਇਲਾਵਾ ਜਸਦੇਵ ਸਿੰਘ ਸੰਧੂ ਕੌਂਸਲਰ, ਕੈਬਨਿਟ ਮੰਤਰੀ ਖੁੱਡੀਆਂ ਦੇ ਪੀ.ਏ. ਰਾਮ ਸਿੰਘ, ਭਾਈ ਲਖਵਿੰਦਰ ਸਿੰਘ ਸੰਧੂ ਕੌਂਸਲਰ, ਪ੍ਰਧਾਨ ਬਲਦੇਵ ਸਿੰਘ ਸਾਹੀਵਾਲ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਿੱਖ ਆਗੂਆਂ ਅਤੇ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਅੱਜ ਉਹ ਮਲੋਟ ਵਿਖੇ ਰੋਸ ਮਾਰਚ ਕਰ ਰਹੇ ਹਨ ਅਤੇ ਇਸ ਸਬੰਧੀ ਮਹਾਂਪੁਰਸ਼ਾਂ ਦੀ 11 ਮੈਂਬਰੀ ਕਮੇਟੀ ਵੀ ਬਣਾ ਦਿੱਤੀ ਗਈ ਹੈ ਜੋ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਦਾ ਇਨਸਾਫ਼ ਲੈਣ ਲਈ ਸੰਗਤਾਂ ਦੀ ਅਗਵਾਈ ਕਰੇਗੀ | ਭਾਈ ਚਰਨਜੀਤ ਸਿੰਘ ਖਾਲਸਾ ਨੇ ਕਿਹਾ ਕਿ ਅਗਲੀ ਜੋ ਵੀ ਕਾਰਵਾਈ ਹੋਵੇਗੀ ਉਹ 11 ਮੈਂਬਰੀ ਕਮੇਟੀ ਦੀ ਅਗਵਾਈ ਵਿਚ ਹੋਵੇਗੀ | ਇਕ ਹੋਰ ਮਹਾਂਪੁਰਸ਼ਾਂ ਨੇ ਕਿਹਾ ਕਿ ਜੇਕਰ ਰੋਸ ਮਾਰਚਾਂ ਰਾਹੀਂ ਵੀ ਸਿੱਖ ਸੰਗਤ ਨੂੰ ਇਨਸਾਫ ਨਾ ਮਿਲਿਆ ਤਾਂ ਸਿੱਖ ਸੰਗਤ ਆਪਣੇ ਬਲ 'ਤੇ ਇਨਸਾਫ ਲਵੇਗੀ | ਇਸ ਮੌਕੇ ਸ੍ਰੀ ਮੁਕਤਸਰ ਸਾਹਿਬ ਦਰਬਾਰ ਸਾਹਿਬ ਦੇ ਮੀਤ ਪ੍ਰਧਾਨ ਭਾਈ ਸੁਖਦੇਵ ਸਿੰਘ ਨੇ ਕਿਹਾ ਕਿ ਮਲੋਟ ਵਿਖੇ ਇਕ ਗੁਰਦੁਆਰਾ ਸਾਹਿਬ ਵਿਚੋਂ ਲਿਜਾ ਕੇ ਸਿੱਖ ਸੰਗਤਾਂ ਦੀ ਮੰਗ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ੍ਰੀ ਦਰਬਾਰ ਸਾਹਿਬ ਬਿਰਾਜਮਾਨ ਕਰ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤਾਂ ਦੀ ਇਸ ਮੰਗ ਨਾਲ ਸਹਿਮਤ ਹੁੰਦਿਆਂ ਹਰ ਪੱਖੋਂ ਸੰਗਤਾਂ ਦੇ ਨਾਲ ਹੈ ਤੇ ਹਰ ਸੰਘਰਸ਼ ਵਿਚ ਸਾਥ ਦੇਵੇਗੀ | ਅੱਜ ਦੇ ਇਸ ਇਕੱਠ ਵਿਚ ਬਾਬਾ ਗੁਰਨਾਮ ਸਿੰਘ ਹੈਡ ਗ੍ਰੰਥੀ ਪੁਡਾ ਗੁਰਦੁਆਰਾ ਸਾਹਿਬ, ਬਾਬਾ ਕਿਸ਼ਨ ਸਿੰਘ, ਜਥੇਦਾਰ ਸੰਦੇਸ਼ ਪਾਲ ਸਿੰਘ, ਕਸ਼ਮੀਰ ਸਿੰਘ ਪ੍ਰਧਾਨ, ਗੁਰਚਰਨ ਸਿੰਘ ਬੁੱਟਰ ਪ੍ਰਧਾਨ, ਬਾਬਾ ਸੋਹਨ ਸਿੰਘ ਤੇ ਹੋਰ ਬਹੁਤ ਸਾਰੇ ਸਿੱਖ ਆਗੂਆਂ ਤੇ ਸੰਗਤ ਨੇ ਮੰਗ ਕੀਤੀ ਕਿ ਗੁਟਕਾ ਸਾਹਿਬ ਦੇ ਪਾਵਨ ਅੰਗਾਂ ਦੀ ਜੋ ਬੇਅਦਬੀ ਕੀਤੀ ਗਈ ਸੀ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਗਲੀਆਂ ਵਿਚ ਖਿਲਾਰੇ ਗਏ ਸਨ, ਦੇ ਇਨਸਾਫ ਲਈ ਉਹ ਸੰਘਰਸ਼ ਜਾਰੀ ਰੱਖਣਗੇ |