ਸ੍ਰੀ ਮੁਕਤਸਰ ਸਾਹਿਬ, 14 ਮਈ (ਹਰਮਹਿੰਦਰ ਪਾਲ)-ਰਾਜ ਚੋਣ ਆਯੋਗ ਵਲੋਂ ਨਗਰ ਕੌਂਸਲ ਚੋਣਾਂ ਦੀ ਘੋਸ਼ਣਾ ਕਰ ਦਿੱਤੀ ਗਈ ਹੈ | 13 ਤੋਂ 16 ਮਈ ਤੱਕ ਨਾਮਜ਼ਦਗੀਆਂ ਭਰੀਆਂ ਜਾਣਗੀਆਂ ਅਤੇ 19 ਨੂੰ ਨਾਮਜ਼ਦਗੀਆਂ ਵਾਪਸ ਲਈਆਂ ਜਾਣਗੀਆਂ | 26 ਮਈ ਨੂੰ ਵੋਟਿੰਗ ਹੋਵੇਗੀ ਅਤੇ 29 ਨੂੰ ਨਤੀਜੇ ਘੋਸ਼ਿਤ ਕੀਤੇ ਜਾਣਗੇ | ਜ਼ਿਲ੍ਹੇ ਵਿਚ ਸ੍ਰੀ ਮੁਕਤਸਰ ਸਾਹਿਬ, ਮਲੋਟ ਅਤੇ ਗਿੱਦੜਬਾਹਾ ਨਗਰ ਕੌਂਸਲਾਂ ਹਨ, ਜਿੱਥੇ ਕਾਂਗਰਸ ਦਾ ਕਬਜ਼ਾ ਹੈ | ਚੋਣਾਂ ਦੀ ਘੋਸ਼ਣਾ ਤੋਂ ਪਹਿਲਾਂ ਹੀ ਸਾਰੀਆਂ ਸਿਆਸੀ ਪਾਰਟੀਆਂ ਤਿਆਰੀਆਂ ਵਿਚ ਜੁਟੀਆਂ ਹੋਈਆਂ ਸਨ | ਚੋਣ ਘੋਸ਼ਿਤ ਹੋਣ ਦੇ ਨਾਲ ਹੀ ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੀ ਰਿਜ਼ਰਵੇਸ਼ਨ ਸੂਚੀ ਵਿਚ ਇਕ ਵਾਰ ਫ਼ਿਰ ਬਦਲਾਅ ਕੀਤਾ ਗਿਆ ਹੈ | ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਅਪ੍ਰੈਲ ਵਿਚ ਜਾਰੀ ਸੂਚੀ ਦਾ ਵਿਰੋਧ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਹ ਬਦਲਾਅ ਕੀਤਾ ਗਿਆ ਹੈ | ਉੱਥੇ ਹੀ ਸਿਆਸੀ ਪਾਰਟੀਆਂ ਵਿਚ ਉਮੀਦਵਾਰਾਂ ਦੇ ਨਾਂਵਾਂ 'ਤੇ ਚਰਚਾ ਵੀ ਤੇਜ਼ ਹੋ ਗਈ ਹੈ | ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਵਿਚ 31 ਵਾਰਡ ਹਨ, ਜਿਨ੍ਹਾਂ 'ਚ 15 ਔਰਤਾਂ ਅਤੇ 16 ਆਦਮੀ ਚੁਣੇ ਜਾਣਗੇ | ਵਾਰਡ ਨੰਬਰ 4, 6, 8, 10, 12, 18, 22, 24, 26 ਅਤੇ 28 ਜਨਰਲ ਵਰਗ ਲਈ ਰਾਖਵੇਂ ਰੱਖੇ ਗਏ ਹਨ | ਉੱਥੇ ਹੀ ਵਾਰਡ ਨੰਬਰ 2, 7, 9, 11, 13, 17, 19, 21, 27 ਅਤੇ 30 ਜਨਰਲ ਵਰਗ ਦੀਆਂ ਔਰਤਾਂ ਲਈ ਰਾਖਵੇਂ ਕੀਤੇ ਗਏ ਹਨ | ਵਾਰਡ ਨੰਬਰ 14, 16, 20, 29 ਅਤੇ 31 ਅਨੁਸੂਚਿਤ ਜਾਤੀ ਲਈ ਰਾਖਵੇਂ ਹਨ | ਵਾਰਡ ਨੰਬਰ 1, 5, 15, 23 ਅਤੇ 25 ਅਨੁਸੂਚਿਤ ਜਾਤੀ ਦੀਆਂ ਔਰਤਾਂ ਲਈ ਰਾਖਵੇਂ ਕੀਤੇ ਗਏ ਹਨ, ਜਦਕਿ ਪੱਛੜੇ ਵਰਗ (ਬੀ.ਸੀ.) ਲਈ ਤਿੰਨ ਸੀਟਾਂ ਰਾਖਵੀਆਂ ਰੱਖੀਆਂ ਗਈਆਂ ਹਨ | 31 ਵਾਰਡਾਂ ਵਿਚੋਂ 10 ਵਾਰਡ ਜਨਰਲ ਵਰਗ ਲਈ, 10 ਵਾਰਡ ਔਰਤਾਂ ਲਈ, 5 ਵਾਰਡ ਅਨੁਸੂਚਿਤ ਜਾਤੀ ਅਤੇ 5 ਵਾਰਡ ਅਨੁਸੂਚਿਤ ਜਾਤੀ ਦੀਆਂ ਔਰਤਾਂ ਲਈ ਅਤੇ ਇਕ ਵਾਰਡ ਪੱਛੜੇ ਵਰਗ ਲਈ ਰਾਖਵਾਂ ਕੀਤਾ ਗਿਆ ਹੈ | ਇਸ ਤਹਿਤ ਵਾਰਡ ਨੰਬਰ 1, 3, 5, 11, 15, 17, 19, 23 ਅਤੇ 25 ਅਤੇ ਵਾਰਡ ਨੰਬਰ 31 ਜਨਰਲ ਵਰਗ ਲਈ ਰਾਖਵੇਂ ਰੱਖੇ ਗਏ ਹਨ | ਜਦਕਿ ਵਾਰਡ ਨੰਬਰ 6, 8, 10, 12, 14, 16, 20, 26, 29 ਅਤੇ 30 ਔਰਤਾਂ ਲਈ ਰਾਖਵੇਂ ਕੀਤੇ ਗਏ ਹਨ | ਵਾਰਡ ਨੰਬਰ 9, 13, 21, 27 ਅਤੇ 28 ਅਨੁਸੂਚਿਤ ਜਾਤੀ ਲਈ, ਜਦਕਿ ਵਾਰਡ ਨੰਬਰ 2, 4, 18, 22 ਅਤੇ 24 ਅਨੁਸੂਚਿਤ ਜਾਤੀ ਦੀਆਂ ਔਰਤਾਂ ਲਈ ਅਤੇ ਵਾਰਡ ਨੰਬਰ 7 ਪੱਛੜੇ ਵਰਗ ਲਈ ਰਾਖਵਾਂ ਕੀਤਾ ਹੈ | ਸ੍ਰੀ ਮੁਕਤਸਰ ਸਾਹਿਬ ਵਿਚ ਨਗਰ ਕੌਂਸਲ ਦੇ 31 ਵਾਰਡ ਹਨ, ਜਦਕਿ ਮਲੋਟ ਵਿਚ 27 ਅਤੇ ਗਿੱਦੜਬਾਹਾ ਵਿਚ 19 ਵਾਰਡ ਹਨ, ਜਿੱਥੇ ਤਿੰਨਾਂ 'ਤੇ ਕਾਂਗਰਸ ਦਾ ਕਬਜ਼ਾ ਹੈ | ਹਾਲਾਂਕਿ 19 ਅਪ੍ਰੈਲ ਤੋਂ ਕਾਰਜਕਾਲ ਸਮਾਪਤ ਹੋਣ ਤੋਂ ਬਾਅਦ ਹੁਣ ਨਗਰ ਕੌਂਸਲਾਂ ਦਾ ਪ੍ਰਬੰਧ ਐੱਸ.ਡੀ.ਐੱਮ. ਕੋਲ ਹੈ | ਚੋਣਾਂ ਦੀ ਘੋਸ਼ਣਾ ਤੋਂ ਬਾਅਦ ਸਿਆਸੀ ਦਲ ਸਰਗਰਮ ਹੋ ਗਏ ਹਨ | ਇਸ ਵਾਰ ਦੀਆਂ ਚੋਣਾਂ ਕਾਫ਼ੀ ਰੋਚਕ ਮੰਨੀਆਂ ਜਾ ਰਹੀਆਂ ਹਨ, ਕਿਉਂਕਿ ਅਗਲੇ ਸਾਲ ਵਿਧਾਨ ਸਭਾ ਚੋਣਾਂ ਵੀ ਹਨ | ਅਜਿਹੇ ਵਿਚ ਕਾਂਗਰਸ, 'ਆਪ', ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਟੀਚਾ ਨਗਰ ਕੌਂਸਲ ਚੋਣਾਂ ਜਿੱਤਣਾ ਹੋਵੇਗਾ | ਫ਼ਿਲਹਾਲ ਸ੍ਰੀ ਮੁਕਤਸਰ ਸਾਹਿਬ ਵਿਚ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ 'ਆਪ' ਵਿਚਕਾਰ ਸਖ਼ਤ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ |