18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਖੇਤੀ ਮਾਹਿਰਾਂ ਵਲੋਂ ਕਾਲੇ ਬਿੱਲੇ ਲਾ ਕੇ ਪੰਜਾਬ ਸਰਕਾਰ ਵਿਰੁੱਧ ਰੋਸ ਜ਼ਾਹਿਰ

Ad Position 21
No active advertisement
ਅਜੀਤ ਡੈਸਕ 16-05-2026
ਫ਼ਰੀਦਕੋਟ, 15 ਮਈ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਵਲੋਂ ਖੇਤੀਬਾੜੀ ਵਿਭਾਗ ਦੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆ ਕੀਤੇ ਜਾਣ ਦੇ ਰੋਸ ਵਜੋਂ ਪੰਜਾਬ ਭਰ ਦੇ ਖੇਤੀਬਾੜੀ ਵਿਕਾਸ ਅਫ਼ਸਰਾਂ, ਬਾਗਬਾਨੀ ਵਿਕਾਸ ਅਫ਼ਸਰਾਂ, ਸਹਾਇਕ ਡਾਇਰੈਕਟਰ ਬਾਗਬਾਨੀ, ਖੇਤੀਬਾੜੀ ਅਫ਼ਸਰਾਂ ਵਲੋਂ ਕਾਲੇ ਬਿੱਲੇ ਲਾ ਕੇ ਪੰਜਾਬ ਸਰਕਾਰ ਵਿਰੁੱਧ ਰੋਸ ਜ਼ਾਹਰ ਕੀਤਾ | ਗੱਲਬਾਤ ਦੌਰਾਨ ਪਲਾਂਟ ਡਾਕਟਰਜ਼ ਸਰਵਿਸਜ਼ ਐਸੋਸੀਏਸ਼ਨ ਪੰਜਾਬ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਆਪਣੀਆਂ ਜਾਇਜ਼ ਮੰਗਾਂ ਸਬੰਧੀ ਕਈ ਵਾਰ ਮੀਟਿੰਗਾਂ ਕੀਤੀਆਂ ਗਈਆਂ | ਪਰ ਮੌਜੂਦਾ ਸਰਕਾਰ ਜੋ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਵਿਚ ਆਈ ਸੀ, ਵਲੋਂ ਵਾਰ ਵਾਰ ਖੇਤੀ ਮਾਹਿਰਾਂ ਦੀਆਂ ਜਾਇਜ਼ ਮੰਗਾਂ ਨੂੰ ਅਣਗੌਲਿਆਂ ਕੀਤਾ ਗਿਆ ਹੈ | ਇਸ ਵਕਤ ਵਿਭਾਗ ਵਿਚ ਵੱਖ-ਵੱਖ ਕੇਡਰਾਂ ਦੀਆਂ ਵੱਡੇ ਪੱਧਰ 'ਤੇ ਅਸਾਮੀਆਂ ਖਾਲੀ ਹੋਣ ਕਰਕੇ ਕਿਸਾਨਾਂ ਤੱਕ ਪਹੁੰਚਣ ਵਾਲੀਆਂ ਖੇਤੀ ਪਸਾਰ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਹਨ | ਵੱਡੀ ਗਿਣਤੀ ਵਿਚ ਖ਼ਾਲੀ ਪਈਆਂ ਅਸਾਮੀਆਂ ਤੇ ਖੇਤੀ ਮਾਹਿਰਾਂ ਦੀ ਭਰਤੀ ਨਾ ਕਰਕੇ, ਬਣਦੀਆਂ ਤਰੱਕੀਆਂ ਨਾ ਦੇ ਕੇ ਸਰਕਾਰ ਕਾਰਪੋਰੇਟਾਂ ਨੂੰ ਖੇਤੀ ਪਸਾਰ ਸੇਵਾਵਾਂ 'ਤੇ ਕਬਜ਼ਾ ਕਰਨ ਦਾ ਰਾਹ ਪੱਧਰਾ ਕਰ ਰਹੀ ਹੈ | ਨੁਮਾਇੰਦਿਆਂ ਨੇ ਦੱਸਿਆ ਕਿ ਖੇਤੀਬਾੜੀ ਪਸਾਰ ਸੇਵਾਵਾਂ ਦੀ ਅਹਿਮੀਅਤ ਨੂੰ ਧਿਆਨ ਵਿਚ ਰੱਖਦਿਆਂ ਪਿਛਲੀਆਂ ਸਰਕਾਰਾਂ ਵਲੋਂ ਖੇਤੀ ਮਾਹਿਰਾਂ ਦੀ ਪੇ ਪੈਰਿਟੀ ਵੈਟਰਨਰੀ ਅਫ਼ਸਰਾਂ ਨਾਲ ਜੋੜੀ ਹੋਈ ਸੀ, ਪਰ ਮੌਕੇ ਦੀ ਸਰਕਾਰ ਵਲੋਂ ਇਹ ਪੇ ਪੈਰਿਟੀ ਤੋੜ ਕੇ ਕਿਸਾਨ ਹਿੱਤ ਵਿਚ ਲੋੜੀਂਦੀਆਂ ਖੇਤੀ ਪਸਾਰ ਸੇਵਾਵਾਂ ਦੇ ਮਿਆਰ ਨੂੰ ਡੇਗੇ ਜਾਣ ਦਾ ਸਬੂਤ ਹੈ | ਐਸੋਸੀਏਸ਼ਨ ਵਲੋਂ ਦਿੱਤੀ ਕਾਲ ਅਨੁਸਾਰ ਅੱਜ ਪੰਜਾਬ ਭਰ ਦੇ ਸਮੂਹ ਖੇਤੀਬਾੜੀ ਵਿਕਾਸ ਅਫ਼ਸਰ, ਬਾਗਬਾਨੀ ਵਿਕਾਸ ਅਫਸਰ, ਸਹਾਇਕ ਡਾਇਰੈਕਟਰ ਬਾਗਬਾਨੀ, ਖੇਤੀਬਾੜੀ ਅਫਸਰਾਂ ਵਲੋਂ ਵੱਖ ਵੱਖ ਪਿੰਡਾਂ ਵਿਚ ਲਗਾਏ ਕਿਸਾਨ ਸਿਖਲਾਈ ਕੈਂਪਾਂ ਵਿਚ, ਹੋਰ ਫ਼ੀਲਡ ਖੇਤੀ ਗਤੀਵਿਧੀਆਂ ਅਤੇ ਦਫ਼ਤਰੀ ਕੰਮਕਾਜ ਦੌਰਾਨ ਕਾਲੇ ਬਿੱਲੇ ਲਾ ਕੇ ਲੋਕਾਂ ਵਿਚ ਵਿਚਰਦਿਆਂ ਪੰਜਾਬ ਸਰਕਾਰ ਵਿਰੁੱਧ ਆਪਣਾ ਰੋਸ ਦਰਜ਼ ਕਰਵਾਇਆ ਗਿਆ | ਐਸੋਸੀਏਸ਼ਨ ਦੇ ਆਗੂਆਂ ਡਾ. ਹਰਮਨਦੀਪ ਸਿੰਘ ਘੁੰਮਣ, ਸਤਵਿੰਦਰਬੀਰ ਸਿੰਘ, ਮਨਜਿੰਦਰ ਸਿੰਘ, ਸੁਖਚੈਨ ਸਿੰਘ, ਗੁਰਲਵਲੀਨ ਸਿੰਘ ਰਾਣਾ, ਜਸਪਾਲ ਸਿੰਘ ਧੰਜੂ, ਵਿਕਰਾਂਤ, ਅਮਨਪ੍ਰੀਤ ਸਿੰਘ ਨੇ ਕਿਹਾ ਕਿ ਐਸੋਸੀਏਸ਼ਨ ਵਲੋਂ ਲਏ ਫੈਸਲੇ ਅਨੁਸਾਰ ਆਉਣ ਵਾਲੇ ਇਕ ਹਫ਼ਤੇ ਤੱਕ ਇਸੇ ਤਰ੍ਹਾਂ ਕਾਲੇ ਬਿੱਲੇ ਲਾ ਕੇ ਰੋਸ ਜ਼ਾਹਰ ਕੀਤਾ ਜਾਵੇਗਾ ਅਤੇ ਜੇਕਰ ਫਿਰ ਵੀ ਸਰਕਾਰ ਵਲੋਂ ਖੇਤੀ ਮਾਹਿਰਾਂ ਦੀਆਂ ਜਾਇਜ਼ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਗਿਆ ਤਾਂ ਹੋਰ ਵੱਡੇ ਪੱਧਰ ਦੇ ਐਕਸ਼ਨ ਉਲੀਕ ਕੇ ਮੰਗਾਂ ਮਨਵਾਉਣ ਤੱਕ ਸੰਘਰਸ਼ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਡਾ. ਗੁਲਸ਼ਨ ਕੁਮਾਰ ਅਹੂਜਾ ਨੇ ਪਿ੍ੰਸੀਪਲ ਦਾ ਅਹੁਦਾ ਸੰਭਾਲਿਆ <br/> ਅਗਲੀ ਖ਼ਬਰ ਬੱਚਿਆਂ ਦੀ ਸੁਰੱਖਿਆ ਲਈ ਸਕੂਲੀ ਵਾਹਨਾਂ ਦੀ ਕੀਤੀ ਚੈਕਿੰਗ
Ad Position 24