ਫ਼ਰੀਦਕੋਟ, 20 ਮਈ (ਸਰਬਜੀਤ ਸਿੰਘ)-ਸਥਾਨਕ ਭਾਨ ਸਿੰਘ ਕਾਲੋਨੀ ਦੇ ਵੋਟਰਾਂ ਦੇ ਫ਼ਰਜ਼ੀ ਦਸਤਖ਼ਤ ਕਰਕੇ ਚੋਣ ਦਫ਼ਤਰ ਵਿਚ ਜਮਾਂ ਕਰਵਾਉਣ ਦੇ ਦੋਸ਼ਾਂ ਤਹਿਤ ਪਤੀ ਪਤਨੀ ਖ਼ਿਲਾਫ਼ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ | ਹਾਲ ਦੀ ਘੜੀ ਪੁਲਿਸ ਵਲੋਂ ਕਥਿਤ ਦੋਸ਼ੀਆਂ ਦੀ ਗਿ੍ਫ਼ਤਾਰੀ ਨਹੀਂ ਕੀਤੀ ਗਈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ | ਪ੍ਰਾਪਤ ਸੂਚਨਾ ਅਨੁਸਾਰ ਮਨਦੀਪ ਸਿੰਘ ਨਾਂਅ ਦੇ ਵਿਅਕਤੀ ਵਲੋਂ ਚੋਣਕਾਰ ਰਜਿਸਟ੍ਰੇਸ਼ਨ ਅਧਿਕਾਰੀ ਕਮ ਉਪ ਮੰਡਲ ਮੈਜਿਸਟਰੇਟ ਫ਼ਰੀਦਕੋਟ ਨੂੰ ਲਿਖਤੀ ਦਰਖਾਸਤ ਦਿੱਤੀ ਗਈ ਸੀ ਕਿ ਚਰਨਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਫ਼ਰੀਦਕੋਟ ਵਲੋਂ ਉਨ੍ਹਾਂ ਬਾਬਤ ਫ਼ਾਰਮ ਨੰਬਰ 7 ਭਰ ਕੇ ਕਥਿਤ ਤੌਰ 'ਤੇ ਉਸ ਦੇ ਜਾਅਲੀ ਦਸਤਖ਼ਤ ਕਰਵਾ ਕੇ ਦਫ਼ਤਰ ਵਿਚ ਜਮਾਂ ਕਰਵਾਏ ਹਨ | ਚੋਣ ਅਧਿਕਾਰੀ ਵਲੋਂ ਇਸ ਸੰਬੰਧੀ ਕਾਰਵਾਈ ਕਰਦੇ ਹੋਏ ਫ਼ਾਰਮ ਨੰਬਰ 13 ਅਤੇ ਨਗਰ ਕੌਂਸਲ ਫ਼ਰੀਦਕੋਟ ਪਾਸੋਂ ਰਿਪੋਰਟ ਹਾਸਿਲ ਕੀਤੀ ਗਈ ਅਤੇ ਫ਼ਾਰਮ ਨੰਬਰ 13 'ਤੇ ਜਸਪਿੰਦਰ ਸਿੰਘ ਦੇ ਦਸਤਖ਼ਤ ਅੰਗਰੇਜੀ ਵਿਚ ਹਨ ਜਦਕਿ ਫ਼ਾਰਮ ਨੰ. 7 'ਤੇ ਜਸਪਿੰਦਰ ਸਿੰਘ ਦੇ ਦਸਤਖਤ ਪੰਜਾਬੀ ਵਿਚ ਕੀਤੇ ਹਨ ਤੇ ਜਸਪਿੰਦਰ ਸਿੰਘ ਵਲੋਂ ਫ਼ਾਰਮ ਨੰਬਰ 13 ਵਿਚ ਰਿਪੋਰਟ ਕੀਤੀ ਗਈ ਹੈ ਕਿ ਫਾਰਮ ਨੰ. 7 ਉਸ ਵਲੋਂ ਨਹੀਂ ਭਰਿਆ ਗਿਆ ਅਤੇ ਨਾ ਹੀ ਉਸ ਵਲੋਂ ਦਸਤਖ਼ਤ ਕੀਤੇ ਗਏ ਹਨ | ਜਿਸ ਤੋਂ ਇਹ ਗੱਲ ਸਾਹਮਣੇ ਆਈ ਕਿ ਫ਼ਾਰਮ ਨੰਬਰ 7 'ਤੇ ਕਥਿਤ ਤੌਰ 'ਤੇ ਜਾਅਲੀ ਦਸਤਖਤ ਚਰਨਜੀਤ ਕੌਰ ਵਲੋਂ ਕੀਤੇ ਗਏ ਹਨ ਅਤੇ ਇਹ ਫ਼ਾਰਮ ਗੁਰਪ੍ਰੀਤ ਸਿੰਘ ਵਲੋਂ ਜਸਪਿੰਦਰ ਸਿੰਘ ਬਣ ਕੇ ਦਫ਼ਤਰ 'ਚ ਜਮਾਂ ਕਰਵਾਏ ਗਏ ਹਨ | ਸਹਾਇਕ ਥਾਣੇਦਾਰ ਸਰਬਜੀਤ ਸਿੰਘ ਨੇ ਦੱਸਿਆ ਦੋਵਾਂ ਕਥਿਤ ਦੋਸ਼ੀਆਂ ਖ਼ਿਲਾਫ਼ ਸ਼ਿਕਾਇਤ ਕਰਤਾ ਮਨਦੀਪ ਸਿੰਘ ਦੀ ਸ਼ਿਕਾਇਤ 'ਤੇ ਚੋਣ ਅਧਿਕਾਰੀ ਦੀਆਂ ਹਦਾਇਤਾਂ ਦੇ ਆਧਾਰ 'ਤੇ ਬੀ.ਐਨ.ਐਸ. ਦੀਆਂ ਧਾਰਾਵਾਂ ਤਹਿਤ ਥਾਣਾ ਸਿਟੀ-2 ਫ਼ਰੀਦਕੋਟ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ |