ਲੰਬੀ, 23 ਮਈ (ਮੇਵਾ ਸਿੰਘ)-ਸਕੂਲ ਆਫ਼ ਐਮੀਨੈਂਸ ਫਾਰ ਗਰਲਜ਼ ਅਬੁੱਲਖੁਰਾਣਾ ਵਿਖੇ ਸਕੂਲੀ ਬੱਚਿਆਂ ਸੰਬੰਧੀ ਕੁਝ ਮੰਗਾਂ ਨੂੰ ਲੈ ਕੇ ਸਕੂਲੀ ਬੱਚਿਆਂ ਦੇ ਮਾਤਾ-ਪਿਤਾ ਦੇ ਸਬਰ ਦਾ ਪਿਆਲਾ ਭਰਨ ਤੋਂ ਬਾਅਦ ਮਾਪਿਆਂ ਨੂੰ ਸਕੂਲ ਦੇ ਮੁੱਖ ਗੇਟ ਅੱਗੇ ਰੋਸ ਧਰਨਾ ਦੇਣ ਲਈ ਮਜ਼ਬੂਰ ਹੋਣਾ ਪਿਆ | ਇਸ ਦੌਰਾਨ ਸਕੂਲ ਦੇ ਸਟਾਫ਼ ਨੂੰ ਵੀ ਸਕੂਲ ਦੇ ਬਾਹਰ ਹੀ ਖੜ੍ਹਨਾ ਪਿਆ | ਰੋਸ ਧਰਨੇ ਮੌਕੇ ਮੌਜੂਦ ਪਿੰਡ ਅਬੁੱਲਖੁਰਾਣਾ ਦੇ ਪ੍ਰਤੀਨਿਧ ਸਰਪੰਚ ਵਿੱਕੀ ਅਬੁੱਲਖੁਰਾਣਾ, ਗੁਰਦਾਸ ਸਿੰਘ ਪੰਚ, ਮੈਨਪਾਲ, ਗੁਰਪੀ੍ਰਤ ਸਿੰਘ ਆਦਿ ਨੇ ਦੱਸਿਆ ਕਿ ਇਸ ਸਕੂਲ ਵਿਚ ਕਰੀਬ ਪਿਛਲੇ 40 ਸਾਲਾਂ ਤੋਂ ਸਿਰਫ਼ ਲੜਕੀਆਂ ਹੀ ਪੜ੍ਹਦੀਆਂ ਹਨ | ਹੁਣ ਸਰਕਾਰ ਵਲੋਂ ਇਸ ਸਕੂਲ ਨੂੰ ਐਮੀਨੈਂਸ ਸਕੂਲ ਦਾ ਦਰਜਾ ਦਿੱਤਾ ਹੈ, ਜਿਸ ਵਿਚ ਬੱਚਿਆਂ ਦੀ ਪੜ੍ਹਾਈ ਪਹਿਲਾਂ ਨਾਲੋਂ ਬਿਹਤਰ ਅਤੇ ਇਸ ਲਈ ਨਵਾਂ ਸਟਾਫ਼ ਤੇ ਨਵੀਂ ਬਿਲਡਿੰਗ ਬਣਾਉਣ ਦਾ ਸਰਕਾਰ ਨੇ ਵਾਅਦਾ ਕੀਤਾ ਸੀ, ਜਿਨ੍ਹਾਂ 'ਚੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ | ਪਰ ਇਸ ਦੇ ਨਾਲ ਹੀ ਖ਼ਾਸਕਰ ਪਿੰਡ ਦੀਆਂ ਲੜਕੀਆਂ ਲਈ ਭਾਰੀ ਮੁਸ਼ਕਿਲਾਂ ਆ ਖੜ੍ਹੀਆਂ ਹਨ | ਪਿੰਡ ਦੇ ਪ੍ਰਤੀਨਿਧ ਸਰਪੰਚ ਤੇ ਹੋਰ ਪੰਚਾਇਤੀ ਨੁਮਾਇੰਦਿਆਂ ਨੇ ਕਿਹਾ ਸਕੂਲ ਵਿਚ ਘੱਟ ਸਟਾਫ਼ ਤੇ ਹੋਰ ਮੁਸ਼ਕਿਲਾਂ ਲਈ ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ, ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਦੇ ਧਿਆਨ ਵਿਚ ਕਈ ਵਾਰ ਲਿਆਂਦਾ ਜਾ ਚੁੱਕਿਆ, ਪਰ ਕੋਈ ਗੌਰ ਨਹੀਂ ਫਰਮਾਇਆ ਗਿਆ | ਉਨ੍ਹਾਂ ਦੱਸਿਆ ਕਿ ਐਮੀਨੈਂਸ ਸਕੂਲ ਵਿਚ ਦਾਖ਼ਲੇ ਲਈ ਟੈੱਸਟ ਪਾਸ ਕਰਨ ਤੋਂ ਬਾਅਦ ਮੈਰਿਟ ਅਨੁਸਾਰ ਹੀ ਦਾਖ਼ਲਾ ਮਿਲਦਾ, ਪਰ ਜਿਹੜੀਆਂ ਲੜਕੀਆਂ ਮੈਰਿਟ 'ਚ ਨਹੀਂ ਆਉਂਦੀਆਂ, ਉਹ ਭਾਵੇਂ ਪਿੰਡ ਅਬੁੱਲਖੁਰਾਣਾ ਦੀਆਂ ਹੋਣ ਦਾਖ਼ਲਾ ਨਹੀਂ ਮਿਲਦਾ | ਇਕ ਹੋਰ ਨਵੀਂ ਮੁਸ਼ਕਿਲ ਕਿ ਹੁਣ ਲੜਕੀਆਂ ਦੇ ਇਸ ਸਕੂਲ ਵਿਚ ਐਮੀਨੈਂਸ ਦਾਖ਼ਲੇ ਵਿਚ ਲੜਕਿਆਂ ਨੂੰ ਦਾਖ਼ਲਾ ਦਿੱਤਾ ਜਾ ਰਿਹਾ ਹੈ, ਜਿਸ ਕਰਕੇ ਪਿੰਡ ਵਾਸੀਆਂ ਨੇ ਸਕੂਲ ਦੇ ਮਾਹੌਲ ਖ਼ਰਾਬ ਹੋਣ ਦੀ ਚਿੰਤਾ ਪ੍ਰਗਟਾਈ ਹੈ | ਧਰਨੇ 'ਤੇ ਬੈਠੇ ਸਾਰੇ ਪਿੰਡ ਵਾਸੀਆਂ ਤੇ ਮੁਹਤਬਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਕ ਤਾਂ ਇਥੇ ਲੜਕੀਆਂ ਨੂੰ ਹੀ ਦਾਖ਼ਲਾ ਮਿਲਣਾ ਚਾਹੀਦਾ ਅਤੇ ਲੜਕਿਆਂ ਨੂੰ ਦਾਖ਼ਲਾ ਨਹੀਂ ਮਿਲਣਾ ਚਾਹੀਦਾ | ਦੂਜਾ ਜਿਨ੍ਹਾਂ ਲੜਕੀਆਂ ਦਾ ਐਮੀਨੈਂਸ ਸਕੂਲ ਵਿਚ ਐੱਸ.ਓ.ਈ. ਦਾ ਪਾਲਿਸੀ ਅਨੁਸਾਰ ਦਾਖ਼ਲਾ ਨਹੀਂ ਹੁੰਦਾ, ਉਨ੍ਹਾਂ ਨੂੰ ਹੋਰ ਵਿਸ਼ਿਆਂ ਵਿਚ ਦਾਖ਼ਲਾ ਦੇ ਕੇ ਇਥੇ ਹੀ ਰੱਖਣਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਨੂੰ ਪਿੰਡ ਤੋਂ ਬਾਹਰ ਹੋਰ ਦੂਰ-ਦੁਰਾਡੇ ਸਕੂਲ ਵਿਚ ਜਾਣ ਦੀ ਮੁਸ਼ਕਿਲ ਨਾ ਉਠਾਉਣੀ ਪਵੇ | ਇਸ ਮੌਕੇ ਧਰਨਾਕਾਰੀਆਂ ਕੋਲ ਪਹੁੰਚੇ ਯਾਦਵਿੰਦਰ ਸਿੰਘ ਮਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਪਿੰਡ ਵਾਸੀਆਂ ਦੀਆਂ ਸਕੂਲੀ ਬੱਚਿਆਂ ਸੰਬੰਧੀ ਜੋ ਵੀ ਮੰਗਾਂ ਹਨ, ਉਨ੍ਹਾਂ ਦਾ ਹੱਲ ਐੱਸ.ਓ.ਈ. ਪਾਲਿਸੀ ਅਨੁਸਾਰ ਜਲਦੀ ਹੱਲ ਕੀਤਾ ਜਾਵੇਗਾ | ਉਨ੍ਹਾਂ ਵਿਸ਼ੇਸ਼ ਤੌਰ 'ਤੇ ਸਕੂਲ ਵਿਚ ਘੱਟ ਸਟਾਫ਼ ਬਾਰੇ ਕਿਹਾ ਕਿ ਹੁਣ ਅਧਿਆਪਕਾਂ ਦੀਆਂ ਬਦਲੀਆਂ ਸੰਬੰਧੀ ਪੋਰਟਲ ਖੁੱਲ੍ਹ ਰਹੀ ਹੈ, ਕੋਸ਼ਿਸ਼ ਕੀਤੀ ਜਾਵੇਗੀ ਕਿ ਸਕੂਲ ਵਿਚਲੇ ਘੱਟ ਸਟਾਫ਼ ਨੂੰ ਪੂਰਾ ਕੀਤਾ ਜਾਵੇ | ਉਨ੍ਹਾਂ ਆਖ਼ਰ ਵਿਚ ਕਿਹਾ ਕਿ ਪਿੰਡ ਵਾਸੀਆਂ ਦੀ ਸਕੂਲ ਵਿਚ ਲੜਕਿਆਂ ਨੂੰ ਦਾਖ਼ਲਾ ਨਾ ਦੇਣ ਸੰਬੰਧੀ ਐੱਸ.ਓ.ਈ. ਦੀ ਪਾਲਿਸੀ ਦੇਖ ਕੇ ਅਗਲੀ ਰਣਨੀਤੀ ਤਹਿ ਕੀਤੀ ਜਾਵੇਗੀ | ਇਸ ਮੌਕੇ ਬਿਮਲਾ ਰਾਣੀ ਪਿ੍ੰਸੀਪਲ ਸਰਕਾਰੀ ਸੀਨੀਅਰ ਸੈਕੰਡਰ ਸਕੂਲ (ਲੜਕੇ), ਸ਼ਵਿੰਦਰ ਸਿੰਘ ਇੰਚਾਰਜ ਸਕੂਲ ਆਫ਼ ਐਮੀਨੈਂਸ ਫਾਰ ਗਰਲਜ਼ ਅਬੁੱਲਖੁਰਾਣਾ, ਬੱਚਿਆਂ ਦੇ ਮਾਤਾ-ਪਿਤਾ ਤੇ ਹੋਰ ਵੀ ਮੁਹਤਬਰ ਹਾਜ਼ਰ ਸਨ |