ਮਲੋਟ, 29 ਮਈ (ਅਜਮੇਰ ਸਿੰਘ ਬਰਾੜ)-ਬੇਸ਼ੱਕ ਨਗਰ ਪਾਲਿਕਾ ਮਲੋਟ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ 27 ਵਾਰਡਾਂ ਵਿਚੋਂ ਆਮ ਆਦਮੀ ਪਾਰਟੀ ਬਹੁਮਤ ਤੋਂ ਥੋੜ੍ਹਾ ਜਿਹਾ ਪਛੜ ਗਈ ਹੈ ਅਤੇ ਕੁੱਲ 27 ਉਮੀਦਵਾਰਾਂ ਵਿਚੋਂ ਆਮ ਆਦਮੀ ਪਾਰਟੀ ਦੇ 12 ਉਮੀਦਵਾਰ ਹੀ ਜਿੱਤੇ ਹਨ, ਪਰ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਿਧਾਇਕਾ ਮਲੋਨ ਨੇ ਦਾਅਵਾ ਕੀਤਾ ਕਿ ਇਕ ਵੋਟ ਉਨ੍ਹਾਂ ਦੀ ਆਪਣੀ ਹੈ ਤੇ ਉਹ ਮਲੋਟ ਵਿਖੇ ਆਮ ਆਦਮੀ ਪਾਰਟੀ ਦੀ ਕਮੇਟੀ ਥੋੜ੍ਹੇ ਵਿਚ ਹੀ ਬਣਾਉਣਗੇ | ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਬਿਲਕੁਲ ਇਕਜੁੱਟ ਤੇ ਇਕਮੁੱਠ ਹੋ ਗਈਆਂ | ਉਨ੍ਹਾਂ ਕਿਹਾ ਕਿ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਕ ਹੀ ਡੱਬਾ ਰੱਖ ਲੈਣਾ ਚਾਹੀਦਾ ਸੀ, ਕਿਉਂਕਿ ਸਾਰੀਆਂ ਸਿਆਸੀ ਪਾਰਟੀਆਂ ਆਮ ਆਦਮੀ ਪਾਰਟੀ ਦੇ ਵਿਰੁੱਧ ਹੋ ਗਈਆਂ | ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਵਿਧਾਇਕਾ ਤੌਰ 'ਤੇ ਮਲੋਟ ਸ਼ਹਿਰ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡੀ ਅਤੇ ਇਹ ਵਿਕਾਸ ਦੇ ਕਾਰਜ ਜਾਰੀ ਰਹਿਣਗੇ, ਪਰ ਉਨ੍ਹਾਂ ਦਾਅਵਾ ਕੀਤਾ ਕਿ ਸਾਰੀਆਂ ਸਿਆਸੀ ਪਾਰਟੀਆਂ ਵਿਚੋਂ ਆਮ ਆਦਮੀ ਪਾਰਟੀ ਵੋਟ ਫ਼ੀਸਦੀ ਦੇ ਹਿਸਾਬ ਨਾਲ ਬਹੁਤ ਅੱਗੇ ਰਹੀ ਅਤੇ ਜਿਸ ਤਰ੍ਹਾਂ ਵਿਰੋਧੀ ਪਾਰਟੀਆਂ ਇਕਜੁੱਟ ਹੋ ਕੇ ਆਮ ਆਦਮੀ ਪਾਰਟੀ ਨੂੰ ਹਰਾਉਣ ਵਿਚ ਲੱਗੀਆਂ ਸਨ, ਪਰ ਵਿਰੋਧੀ ਪਾਰਟੀਆਂ ਨੂੰ ਸਫ਼ਲਤਾ ਨਹੀਂ ਮਿਲੀ | ਉਨ੍ਹਾਂ ਮੰਨਿਆ ਕਿ ਅਜੇ ਤੱਕ ਸਾਡੇ ਕੁਝ ਉਮੀਦਵਾਰਾਂ, ਵਰਕਰਾਂ ਨੂੰ ੇ ਪਾਰਟੀ ਦੀਆਂ ਪ੍ਰਾਪਤੀਆਂ ਅਤੇ ਕੀਤੇ ਹੋਏ ਕੰਮਾਂ ਨੂੰ ਘਰ-ਘਰ ਪਹੁੰਚਾਉਣ ਵਿਚ ਪੂਰੀ ਸਫ਼ਲਤਾ ਨਹੀਂ ਮਿਲ ਸਕੀ | ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਦਾ ਲੋਕਾਂ ਨੇ ਪੂਰਾ ਮੁੱਲ ਮੋੜਿਆ ਹੈ, ਇਸ ਕਰਕੇ ਉਹ ਲੋਕਾਂ ਦੇ ਰਿਣੀ ਰਹਿਣਗੇ, ਪਰ ਇਕ ਵੋਟ ਦੇ ਘੱਟ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੇ ਬਹੁਤ ਮਜ਼ਬੂਤੀ ਨਾਲ ਦਾਅਵਾ ਕੀਤਾ ਕਿ ਮਲੋਟ ਵਿਚ ਨਗਰ ਪਾਲਿਕਾ ਦਾ ਪ੍ਰਧਾਨ ਆਮ ਆਦਮੀ ਪਾਰਟੀ ਦਾ ਬਣਾਵਾਂਗੇ | ਹੁਣ ਕਿਸ ਪਾਰਟੀ ਦੇ ਉਮੀਦਵਾਰਾਂ ਨੂੰ ਉਹ ਸੰਨ ਲਾਉਣਗੇ ਜਾਂ ਕਿਸ ਪਾਰਟੀ ਤੋਂ ਉਹ ਉਮੀਦਵਾਰ ਆਪਣੇ ਵੱਲ ਕਰਨਗੇ ਤਾਂ ਜੋ ਆਮ ਆਦਮੀ ਪਾਰਟੀ ਦੀਆਂ ਘੱਟ ਤੋਂ ਘੱਟ 14 ਵੋਟਾਂ ਹੋ ਸਕਣ ਅਤੇ ਆਮ ਆਦਮੀ ਪਾਰਟੀ ਦਾ ਨਗਰ ਪਾਲਿਕਾ 'ਤੇ ਰਾਜਭਾਗ ਕਾਇਮ ਹੋ ਸਕੇ, ਇਹੀ ਚਰਚਾ ਅੱਜ ਦੀ ਸਭ ਤੋਂ ਵੱਡੀ ਚਰਚਾ ਹੈ | ਲੋਕ ਇਹ ਵੀ ਕਹਿ ਰਹੇ ਹਨ ਕਿ ਸਾਰੀ ਚੋਣ ਤੇ ਗਿਣਤੀ ਬਿਨਾਂ ਕਿਸੇ ਧੱਕੇਸ਼ਾਹੀ ਤੋਂ ਹੋਈ, ਪਰ ਹੁਣ ਬਹੁਮਤ ਨਾ ਮਿਲਣ ਦੇ ਬਾਵਜੂਦ ਆਮ ਆਦਮੀ ਪਾਰਟੀ ਵਲੋਂ ਆਪਣੀ ਕਮੇਟੀ ਬਣਾਉਣ ਦੇ ਦਾਅਵੇ ਕਿਥੋਂ ਤੱਕ ਜਾਇਜ਼ ਹਨ?