ਸ੍ਰੀ ਮੁਕਤਸਰ ਸਾਹਿਬ, 6 ਜੂਨ (ਰਣਜੀਤ ਸਿੰਘ ਢਿੱਲੋਂ)-ਲੋਕਾਂ ਦੀ ਸੁਰੱਖਿਆ ਤੇ ਪੁਲਿਸ ਡਿਊਟੀਆਂ ਦੀ ਪ੍ਰਭਾਵਸ਼ਾਲੀ ਨਿਗਰਾਨੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਐੱਸ.ਐੱਸ.ਪੀ. ਅਭਿਮਨਿਊ ਰਾਣਾ ਦੀ ਅਗਵਾਈ ਹੇਠ 'ਬੀਟ ਰਖਸ਼ਕ' ਐਪ ਦੀ ਸ਼ੁਰੂਆਤ ਕੀਤੀ ਗਈ ਹੈ | ਪੰਜਾਬ ਵਿਚ ਪਹਿਲੀ ਵਾਰ ਕਿਸੇ ਜ਼ਿਲ੍ਹਾ ਪੁਲਿਸ ਵਲੋਂ ਇਸ ਤਰ੍ਹਾਂ ਦੀ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਦਿਆਂ ਚੈਕਿੰਗ ਪ੍ਰਣਾਲੀ ਲਾਗੂ ਕੀਤੀ ਜਾ ਰਹੀ ਹੈ | ਐੱਸ.ਐੱਸ.ਪੀ. ਅਭਿਮਨਿਊ ਰਾਣਾ ਨੇ ਦੱਸਿਆ ਕਿ ਇਸ ਐਪ ਰਾਹੀਂ ਨਾਕਿਆਂ 'ਤੇ ਤਾਇਨਾਤ ਪੁਲਿਸ ਮੁਲਾਜ਼ਮ, ਈ.ਆਰ.ਵੀ. ਟੀਮਾਂ ਤੇ ਹੋਰ ਚੈਕਿੰਗ ਪਾਰਟੀਆਂ ਆਪਣੀ ਰੁਟੀਨ ਤੇ ਵਿਸ਼ੇਸ਼ ਚੈਕਿੰਗ ਦੀ ਜਾਣਕਾਰੀ ਰੀਅਲ ਟਾਈਮ ਵਿਚ ਕੰਟਰੋਲ ਰੂਮ ਤੱਕ ਪਹੁੰਚਾਉਣਗੀਆਂ | ਇਸ ਪ੍ਰਣਾਲੀ ਤਹਿਤ ਚੈਕਿੰਗ ਲਈ ਨਿਰਧਾਰਤ ਸਥਾਨਾਂ 'ਤੇ ਕਿਊਆਰ ਕੋਡ ਲਗਾਏ ਗਏ ਹਨ | ਡਿਊਟੀ 'ਤੇ ਤਾਇਨਾਤ ਪੁਲਿਸ ਕਰਮਚਾਰੀ ਮੌਕੇ 'ਤੇ ਪਹੁੰਚ ਕੇ ਬੀਟ ਰਖਸ਼ਕ ਐਪ ਰਾਹੀਂ ਕਿਊਆਰ ਕੋਡ ਸਕੈਨ ਕਰਨਗੇ, ਜਿਸ ਨਾਲ ਉਨ੍ਹਾਂ ਦੀ ਜੀ.ਪੀ.ਐੱਸ. ਲੋਕੇਸ਼ਨ, ਸਮਾਂ ਤੇ ਤੁਰੰਤ ਸੈਲਫੀ ਕੰਟਰੋਲ ਰੂਮ ਵਿਚ ਦਰਜ ਹੋ ਜਾਵੇਗੀ | ਇਸ ਨਾਲ ਡਿਊਟੀ ਦੀ ਨਿਗਰਾਨੀ, ਪਾਰਦਰਸ਼ਿਤਾ ਤੇ ਪੁਲਿਸ ਮੁਲਾਜ਼ਮਾਂ ਦੀ ਮੌਕੇ 'ਤੇ ਮੌਜੂਦਗੀ ਨੂੰ ਯਕੀਨੀ ਬਣਾਇਆ ਜਾ ਸਕੇਗਾ | ਕਿਊਆਰ ਕੋਡ ਬੈਂਕਾਂ, ਏ.ਟੀ.ਐੱਮਜ., ਸਰਕਾਰੀ ਇਮਾਰਤਾਂ, ਸ਼ਹਿਰੀ ਤੇ ਅੰਤਰਰਾਜੀ ਨਾਕਿਆਂ, ਸਿਟੀ ਸੀਲਿੰਗ ਪੁਆਇੰਟਾਂ, ਬਾਜ਼ਾਰਾਂ ਅਤੇ ਹੋਰ ਭੀੜ-ਭਾੜ ਵਾਲੇ ਸਥਾਨਾਂ 'ਤੇ ਲਗਾਏ ਗਏ ਹਨ | ਵਿਸ਼ੇਸ਼ ਚੈਕਿੰਗ ਤੇ ਐਮਰਜੈਂਸੀ ਸਥਿਤੀਆਂ ਲਈ ਵੀ ਵੱਖਰੇ ਪੁਆਇੰਟ ਨਿਰਧਾਰਤ ਕੀਤੇ ਗਏ ਹਨ | ਇਹ ਕਿਊਆਰ ਕੋਡ ਸਿਰਫ਼ ਨਿਰਧਾਰਤ ਸਥਾਨ ਤੋਂ ਕਰੀਬ 10 ਮੀਟਰ ਦੀ ਦੂਰੀ ਅੰਦਰ ਹੀ ਸਕੈਨ ਹੋ ਸਕਣਗੇ, ਜਿਸ ਨਾਲ ਡਿਊਟੀ ਦੀ ਸਹੀ ਪਾਲਣਾ ਯਕੀਨੀ ਬਣੇਗੀ | ਇਸ ਪ੍ਰੋਜੈਕਟ ਦੀ ਨਿਗਰਾਨੀ ਸੰਬੰਧਿਤ ਸਬ ਡਵੀਜ਼ਨਾਂ ਦੇ ਡੀ.ਐੱਸ.ਪੀਜ਼. ਵਲੋਂ ਕੀਤੀ ਜਾਵੇਗੀ, ਜਦਕਿ ਸਮੁੱਚੀ ਸੁਪਰਵਿਜ਼ਨ ਮਨਮੀਤ ਸਿੰਘ ਢਿੱਲੋਂ ਐੱਸ.ਪੀ. (ਡੀ) ਵਲੋਂ ਕੀਤੀ ਜਾ ਰਹੀ ਹੈ | ਇਹ ਸਾਰਾ ਪ੍ਰੋਗਰਾਮ ਜ਼ਿਲ੍ਹਾ ਪੁਲਿਸ ਮੁਖੀ ਦੀਆਂ ਹਦਾਇਤਾਂ ਅਨੁਸਾਰ ਲਾਗੂ ਕੀਤਾ ਜਾ ਰਿਹਾ ਹੈ | ਐੱਸ.ਐੱਸ.ਪੀ. ਨੇ ਜ਼ਿਲ੍ਹਾ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਲੋਕਾਂ ਦੀ ਸੁਰੱਖਿਆ ਪੁਲਿਸ ਦੀ ਸਭ ਤੋਂ ਵੱਡੀ ਤਰਜ਼ੀਹ ਹੈ ਅਤੇ ਸੁਰੱਖਿਆ ਪ੍ਰਬੰਧਾਂ ਵਿਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਆਧੁਨਿਕ ਤਕਨਾਲੋਜੀ ਦੀ ਮਦਦ ਨਾਲ ਪੁਲਿਸ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ, ਪਾਰਦਰਸ਼ੀ ਅਤੇ ਲੋਕ ਕੇਂਦਰਿਤ ਬਣਾਇਆ ਜਾ ਰਿਹਾ ਹੈ |