ਸ੍ਰੀ ਮੁਕਤਸਰ ਸਾਹਿਬ, 6 ਜੂਨ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਤੋਂ ਬਠਿੰਡਾ ਰੋਡ ਤੇ ਪੈਂਦੇ ਪਿੰਡ ਭੁੱਲਰ ਤੋਂ ਵਾਇਆ ਖਿੜਕੀਆਂਵਾਲਾ, ਭੁੱਟੀਵਾਲਾ, ਆਸਾ ਬੁੱਟਰ ਰਾਹੀਂ ਜੈਤੋ ਨੂੰ ਜਾਂਦੀ ਸੜਕ ਦਾ ਮੰਦਾ ਹਾਲ ਹੈ | ਥਾਂ-ਥਾਂ 'ਤੇ ਪਏ ਖੱਡੇ ਆਵਾਜਾਈ ਨੂੰ ਬਹੁਤ ਪ੍ਰਭਾਵਿਤ ਕਰਦੇ ਹਨ | ਇਸ ਸੜਕ ਤੋਂ ਜੋ ਬੱਸਾਂ ਗੁਜ਼ਰਦੀਆਂ ਹਨ, ਉਨ੍ਹਾਂ ਦੀਆਂ ਸਵਾਰੀਆਂ ਵੀ ਸਫ਼ਰ ਦੌਰਾਨ ਬਹੁਤ ਪ੍ਰੇਸ਼ਾਨ ਹੁੰਦੀਆਂ ਹਨ | ਬੱਸ ਚਾਲਕ ਖੱਡਿਆਂ ਵਿਚੋਂ ਬੱਸਾਂ ਨੂੰ ਟਾਲ ਦਿੰਦੇ ਹਨ ਅਤੇ ਇਸ ਨਾਲ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਅਤੇ ਸਫ਼ਰ 'ਤੇ ਵੀ ਵੱਧ ਟਾਈਮ ਖ਼ਰਚ ਹੁੰਦਾ ਹੈ | ਕਾਫ਼ੀ ਸਮੇਂ ਤੋਂ ਇਸ ਸੜਕ ਦੀ ਸਾਰ ਨਹੀਂ ਲਈ ਗਈ | ਇਸ ਸੜਕ ਦੀ ਮੰਦੀ ਹਾਲਤ ਕਾਰਨ ਕਈ ਪਿੰਡਾਂ ਦੇ ਲੋਕ ਪ੍ਰੇਸ਼ਾਨ ਹਨ ਅਤੇ ਰੋਜ਼ਾਨਾ ਰਾਹਗੀਰਾਂ ਨੂੰ ਬਹੁਤ ਮੁਸ਼ਕਿਲ ਝੱਲਣੀ ਪੈਂਦੀ ਹੈ | ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਪੰਜਾਬ ਸਰਕਾਰ ਤੇ ਸੰਬੰਧਿਤ ਵਿਭਾਗ ਦੇ ਉਚ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਸੜਕ ਨੂੰ ਤੁਰੰਤ ਨਵੇਂ ਸਿਰੇ ਤੋਂ ਬਣਾਇਆ ਜਾਵੇ ਤੇ ਵਧੀ ਆਵਾਜਾਈ ਨੂੰ ਵੇਖਦਿਆਂ ਚੌੜਾ ਵੀ ਕੀਤਾ ਜਾਵੇ |