ਸ੍ਰੀ ਮੁਕਤਸਰ ਸਾਹਿਬ, 6 ਜੂਨ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹੇ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਪੁਲਿਸ ਅਤੇ ਹੋਰ ਸੰਬੰਧਿਤ ਵਿਭਾਗਾਂ ਦੀ ਤਿਆਰੀ ਨੂੰ ਪਰਖਣ ਦੇ ਮੰਤਵ ਨਾਲ ਪੁਲਿਸ ਲਾਇਨ ਸ੍ਰੀ ਮੁਕਤਸਰ ਸਾਹਿਬ ਵਿਖੇ ਵਿਸ਼ੇਸ਼ ਮੌਕ ਡਰਿੱਲ ਕਰਵਾਈ ਗਈ | ਇਹ ਮੌਕ ਡਰਿੱਲ ਜ਼ਿਲ੍ਹਾ ਪੁਲਿਸ ਮੁਖੀ ਅਭਿਮਨਿਊ ਰਾਣਾ ਦੀ ਨਿਗਰਾਨੀ ਹੇਠ ਕਰਵਾਈ ਗਈ | ਇਸ ਮੌਕੇ ਮਨਮੀਤ ਸਿੰਘ ਢਿੱਲੋਂ ਐੱਸ.ਪੀ. (ਡੀ), ਡਿਊਟੀ ਮੈਜਿਸਟ੍ਰੇਟ ਅਰਸ਼ਪ੍ਰੀਤ ਕੌਰ, ਬਚਨ ਸਿੰਘ ਡੀ.ਐੱਸ.ਪੀ. ਸ੍ਰੀ ਮੁਕਤਸਰ ਸਾਹਿਬ, ਰਸ਼ਪਾਲ ਸਿੰਘ ਡੀ.ਐੱਸ.ਪੀ. ਸ੍ਰੀ ਮੁਕਤਸਰ ਸਾਹਿਬ ਸਮੇਤ ਪੁਲਿਸ ਵਿਭਾਗ ਅਤੇ ਹੋਰ ਸੰਬੰਧਿਤ ਏਜੰਸੀਆਂ ਦੇ ਅਧਿਕਾਰੀ ਹਾਜ਼ਰ ਸਨ | ਮੌਕ ਡਰਿੱਲ ਦੌਰਾਨ ਇਕ ਕਾਲਪਨਿਕ ਦਿ੍ਸ਼ ਤਿਆਰ ਕੀਤਾ ਗਿਆ, ਜਿਸ ਵਿਚ 4 ਸ਼ੱਕੀ ਵਿਅਕਤੀ 2 ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਪੁਲਿਸ ਲਾਇਨ ਖੇਤਰ ਵਿਚ ਬੰਬ ਸੁੱਟਦੇ ਹਨ | ਇਸ ਦੌਰਾਨ ਇਕ ਬੰਬ ਨੂੰ ਧਮਾਕੇ ਰਾਹੀਂ ਐਕਟੀਵੇਟ ਕੀਤਾ ਗਿਆ, ਜਦਕਿ ਦੂਜਾ ਡੰਮੀ ਬੰਬ ਡਿਸਪੋਜਲ ਟੀਮ ਦੀ ਕਾਰਗੁਜ਼ਾਰੀ ਦੀ ਜਾਂਚ ਲਈ ਮੌਕੇ 'ਤੇ ਰੱਖਿਆ ਗਿਆ | ਘਟਨਾ ਦੀ ਸੂਚਨਾ ਮਿਲਦਿਆਂ ਹੀ ਪੀ.ਸੀ.ਆਰ. ਕੰਟਰੋਲ ਰੂਮ ਵਲੋਂ ਤੁਰੰਤ ਐਮਰਜੈਂਸੀ ਪ੍ਰੋਟੋਕੋਲ ਲਾਗੂ ਕਰਦੇ ਹੋਏ ਜ਼ਿਲ੍ਹਾ ਪੱਧਰ 'ਤੇ ਰੈੱਡ ਅਲਰਟ ਜਾਰੀ ਕੀਤਾ ਗਿਆ | ਪੁਲਿਸ ਵਲੋਂ ਤੁਰੰਤ ਕਾਰਵਾਈ ਕਰਦਿਆਂ ਜ਼ਿਲ੍ਹੇ ਦੇ ਵੱਖ-ਵੱਖ ਰਣਨੀਤਕ ਸਥਾਨਾਂ 'ਤੇ 38 ਨਾਕੇ ਸਥਾਪਤ ਕੀਤੇ ਗਏ, ਜਿਸ ਨਾਲ ਖੇਤਰ ਦੀ ਘੇਰਾਬੰਦੀ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਗਿਆ | ਇਸ ਦੇ ਨਾਲ ਹੀ ਐਂਬੂਲੈਂਸ ਸੇਵਾ, ਫਾਇਰ ਬਿ੍ਗੇਡ, ਬੰਬ ਡਿਸਪੋਜਲ ਟੀਮ, ਫੋਰੈਂਸਿਕ ਟੀਮ, ਸੀਨੀਅਰ ਪੁਲਿਸ ਅਧਿਕਾਰੀਆਂ ਅਤੇ ਡਿਊਟੀ ਮੈਜਿਸਟ੍ਰੇਟ ਨੂੰ ਸੂਚਿਤ ਕੀਤਾ ਗਿਆ | ਸਾਰੀਆਂ ਟੀਮਾਂ ਨਿਰਧਾਰਤ ਸਮੇਂ ਅੰਦਰ ਮੌਕੇ 'ਤੇ ਪਹੁੰਚ ਗਈਆਂ ਅਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਇਆ | ਇਸ ਦੌਰਾਨ ਪੁਲਿਸ ਵਿਭਾਗ, ਸਿਹਤ ਵਿਭਾਗ, ਫਾਇਰ ਸਰਵਿਸਿਜ਼, ਬੰਬ ਨਿਰੋਧਕ ਦਸਤੇ ਅਤੇ ਹੋਰ ਸਹਾਇਕ ਏਜੰਸੀਆਂ ਵਲੋਂ ਸ਼ਾਨਦਾਰ ਤਾਲਮੇਲ, ਪੇਸ਼ੇਵਰ ਯੋਗਤਾ ਅਤੇ ਤੁਰੰਤ ਕਾਰਵਾਈ ਦਾ ਪ੍ਰਦਰਸ਼ਨ ਕੀਤਾ ਗਿਆ | ਬੰਬ ਡਿਸਪੋਜਲ ਟੀਮ ਵਲੋਂ ਸਮੂਹ ਪੁਲਿਸ ਮੁਲਾਜ਼ਮਾਂ ਨੂੰ ਬੰਬ ਸੰਬੰਧੀ ਐਮਰਜੈਂਸੀ ਹਾਲਾਤਾਂ ਦੌਰਾਨ ਅਪਣਾਈ ਜਾਣ ਵਾਲੀਆਂ ਸੁਰੱਖਿਆ ਪ੍ਰਕਿਰਿਆਵਾਂ ਅਤੇ ਲੋੜੀਂਦੇ ਰਜਿਸਟਰਾਂ ਬਾਰੇ ਜਾਣਕਾਰੀ ਦਿੱਤੀ ਗਈ | ਟੀਮ ਵਲੋਂ ਮੁਲਾਜ਼ਮਾਂ ਨੂੰ ਜਾਗਰੂਕ ਕਰਦਿਆਂ ਦੱਸਿਆ ਕਿ ਅਜਿਹੀਆਂ ਐਮਰਜੈਂਸੀ ਸਥਿਤੀਆਂ ਵਿਚ ਕੀ-ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਅਤੇ ਕਿਸ ਤਰ੍ਹਾਂ ਪ੍ਰਭਾਵਸ਼ਾਲੀ ਢੰਗ ਨਾਲ ਕਾਰਵਾਈ ਕਰਨੀ ਚਾਹੀਦੀ ਹੈ |