ਕੋਟਕਪੂਰਾ, 14 ਜੂਨ (ਮੋਹਰ ਸਿੰਘ ਗਿੱਲ)-ਇੱਥੋਂ ਦੀ ਸਮਾਜ ਸੇਵੀ ਸੰਸਥਾ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ 26 ਜੂਨ ਨਸ਼ਾ ਵਿਰੋਧੀ ਦਿਵਸ (ਐਂਟੀ ਡਰੱਗ ਡੇਅ) ਨੂੰ ਨਸ਼ਿਆਂ ਖ਼ਿਲਾਫ਼ ਵਿਸ਼ਾਲ ਰੈਲੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਡਾ. ਢਿੱਲੋਂ ਨੇ ਦੱਸਿਆ ਕਿ 26 ਜੂਨ ਦਿਨ ਸ਼ੁੱਕਰਵਾਰ ਨੂੰ ਸਵੇਰੇ ਠੀਕ 8 ਵਜੇ ਨਵੀਂ ਦਾਣਾ ਮੰਡੀ ਫ਼ਰੀਦਕੋਟ ਵਿਖੇ ਵੱਖ ਵੱਖ ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦੇ ਇਕੱਤਰ ਹੋਣਗੇ, ਜਿੱਥੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਉਪਰੰਤ ਨਸ਼ਾ ਵਿਰੋਧੀ ਰੈਲੀ ਵਿਚ ਸ਼ਾਮਿਲ ਕਾਰਾਂ, ਜੀਪਾਂ, ਸਕੂਟਰਾਂ, ਮੋਟਰਸਾਈਕਲਾਂ ਸਮੇਤ ਵੱਖ ਵੱਖ ਕਿਸਮ ਦੇ ਵਾਹਨਾਂ ਦਾ ਕਾਫ਼ਲਾ 9.30 ਵਜੇ ਬੱਤੀਆਂ ਵਾਲਾ ਚੌਂਕ ਕੋਟਕਪੂਰਾ ਵਿਖੇ ਪੁੱਜੇਗਾ। ਇੱਥੇ ਵੀ ਨਸ਼ਾ ਮੁਕਤ ਸਮਾਜ ਸਿਰਜਣ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵ ਨੂੰ ਰੋਕਣ ਲਈ ਵੱਖ-ਵੱਖ ਬੁਲਾਰਿਆਂ ਵਲੋਂ ਆਪਣੇ ਵਿਚਾਰ ਪੇਸ਼ ਕੀਤੇ ਜਾਣਗੇ। ਪ੍ਰੋ. ਐਚ.ਐਸ. ਪਦਮ ਨੇ ਦੱਸਿਆ ਕਿ ਬੱਤੀਆਂ ਵਾਲਾ ਚੌਂਕ ਕੋਟਕਪੂਰਾ ਤੋਂ ਉਕਤ ਕਾਫ਼ਲਾ ਨਵੀਂ ਦਾਣਾ ਮੰਡੀ ਬਾਘਾਪੁਰਾਣਾ ਲਈ ਰਵਾਨਾ ਹੋਵੇਗਾ ਅਤੇ ਇੱਥੇ ਹੀ ਸਾਰੇ ਪ੍ਰੋਗਰਾਮ ਦੀ ਸਮਾਪਤੀ ਹੋਵੇਗੀ। ਸਾਰੇ ਪੋ੍ਰਗਰਾਮ ਦੌਰਾਨ ਬਾਬਾ ਫ਼ਰੀਦ ਗੁਰੂਕੁਲ ਗਰੁੱਪ ਆਫ਼ ਕਾਲਜਿਜ ਬਠਿੰਡਾ ਰੋਡ ਕੋਟਕਪੂਰਾ ਦਾ ਵਿਸ਼ੇਸ਼ ਸਹਿਯੋਗ ਰਹੇਗਾ।
ਨਸ਼ਾ ਵਿਰੋਧੀ ਦਿਵਸ ’ਤੇ ਤਿੰਨ ਸ਼ਹਿਰਾਂ ’ਚ ਜਾਗਰੂਕਤਾ ਰੈਲੀ ਕਰਨ ਦਾ ਫ਼ੈਸਲਾ
ਅਜੀਤ ਡੈਸਕ
15-06-2026