ਸ੍ਰੀ ਮੁਕਤਸਰ ਸਾਹਿਬ, 26 ਜੂਨ (ਰਣਜੀਤ ਸਿੰਘ ਢਿੱਲੋਂ)-ਸ੍ਰੀਮਤੀ ਜਸਵਿੰਦਰ ਸ਼ੀਮਰ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਰਹਿਨੁਮਾਈ ਹੇਠ ਅੱਜ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਸਿਵਲ ਸਰਜਨ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਆਸ਼ਾ ਵਰਕਰਾਂ ਤੇ ਆਮ ਲੋਕਾਂ ਨੂੰ ਨਸ਼ਿਆਂ ਸੰਬੰਧੀ ਜਾਗਰੂਕ ਕਰਨ ਲਈ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਡਾ. ਸੁਨੀਲ ਬਾਂਸਲ ਸਿਵਲ ਸਰਜਨ ਵਲੋਂ ਹਾਜ਼ਰ ਲੋਕਾਂ ਨੂੰ ਨਸ਼ੇ ਦੇ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਉਸ ਤੋਂ ਬਾਅਦ ਵੱਖ-ਵੱਖ ਬੁਲਾਰਿਆ ਵਲੋਂ ਵੀ ਨਸ਼ੇ ਦਾ ਸੇਵਨ ਨਾ ਕਰਨ ਸੰਬੰਧੀ ਵੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਸੰਧੂ ਹਸਤਪਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਨਸ਼ਾ ਵਿਰੋਧੀ ਸੈਮੀਨਾਰ ਦਾ ਕਰਵਾਇਆ ਗਿਆ। ਇਸ ਦੌਰਾਨ ਜੀਵਨ ਕੁਮਾਰ ਸੀਨੀਅਰ ਸਹਾਇਕ ਵਲੋਂ ਉੱਥੇ ਹਾਜ਼ਰ ਆਮ ਲੋਕਾਂ ਨੂੰ ਤੰਦਰੁਸਤ ਸਮਾਜ ਸਿਰਜਣ ਲਈ ਨਸ਼ੇ ਛੱਡ ਕੇ ਪੰਜਾਬ ਦੀ ਤਰੱਕੀ ਲਈ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੋ ਵੀ ਨੌਜਵਾਨ ਨਸ਼ਾ ਛੱਡਣਾ ਚਾਹੁੰਦਾ ਹੈ, ਉਹ ਜ਼ਿਲਿ੍ਹਆਂ ਵਿਚ ਚੱਲ ਰਹੇ ਓਟ ਕਲੀਨਿਕ ’ਚ ਦਾਖ਼ਲ ਹੋ ਕੇ ਨਸ਼ਾ ਛੱਡ ਸਕਦਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਆਸ਼ਾ ਵਰਕਰਾਂ ਦਾ ਹਰੇਕ ਪਿੰਡ ਨਾਲ ਵਾਸਤਾ ਪੈਂਦਾ ਹੈ, ਇਸ ਕਰਕੇ ਉਹ ਇਸ ਸੰਬੰਧੀ ਉਨ੍ਹਾਂ ਪਰਿਵਾਰਾਂ ਦੇ ਬੱਚਿਆਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਦੇਣ। ਉਨ੍ਹਾਂ ਸਭ ਨੂੰ ਅਪੀਲ ਕੀਤੀ ਕਿ ਇਸ ਕੰਮ ਵਿਚ ਵੱਧ ਤੋਂ ਵੱਧ ਯੋਗਦਾਨ ਪਾ ਕੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾਵੇ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਸੰਬੰਧੀ ਵੀ ਜਾਣਕਾਰੀ ਮੁਹੱਈਆ ਵਾਈ ਜਾਵੇ। ਇਸ ਪ੍ਰੋਗਰਾਮ ਵਿਚ ਸਿਵਲ ਹਸਪਤਾਲ ਦੇ ਡਾਕਟਰ ਅਤੇ ਸਟਾਫ਼ ਹਾਜ਼ਰ ਸੀ। ਇਸ ਮੌਕੇ ਸੰਧੂ ਨਸ਼ਾ ਛੁਡਾਊ ਕੇਂਦਰ ਦੇ ਮਾਹਿਰ ਡਾ. ਅਮਿਤ ਜਿੰਦਲ ਐੱਮ.ਡੀ. ਮਨੋਵਿਗਿਆਨ, ਗੁਰਤੇਜ ਸਿੰਘ ਮੈਨੇਜਰ, ਸਿਮਰਜੀਤ ਕੌਰ, ਖੁਸ਼ਵਿੰਦਰ ਸਿੰਘ, ਅਰਸ਼ਦੀਪ ਸਿੰਘ ਕਾਊਂਸਲਰ, ਪੈਰਾਲੀਗਲ ਵਲੰਟੀਅਰਜ਼ ਜਸਵਿੰਦਰ ਕੌਰ ਤੇ ਸੰਜੀਵ ਕੁਮਾਰ ਹਾਜ਼ਰ ਸਨ।