ਸ੍ਰੀ ਮੁਕਤਸਰ ਸਾਹਿਬ, 28 ਜੁਲਾਈ (ਰਣਜੀਤ ਸਿੰਘ ਢਿੱਲੋਂ)-ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਦੇ ਆਈ.ਸੀ.ਟੀ. ਸੈੱਲ ਵਲੋਂ ਆਈ.ਸੀ.ਟੀ. ਅਕੈਡਮੀ ਗੌਰਮਿੰਟ ਆਫ਼ ਤਮਿਲਨਾਡੂ ਮਨਿਸਟਰੀ ਆਫ਼ ਇਨਫੋਰਮੇਸ਼ਨ ਟੈਕਨਾਲੋਜੀ ਤੇ ਡਿਜੀਟਲ ਸਰਵਿਸ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਵਰਕਸ਼ਾਪ ਦੀ ਸ਼ੁਰੂਆਤ ਕੀਤੀ ਗਈ। ਨਿਊ ਏਜ਼ ਟੀਚਿੰਗ ਤਕਨੀਕਾਂ ਦੇ ਵਿਸ਼ੇ ਨਾਲ ਸੰਬੰਧਿਤ ਸ਼ੁਰੂ ਹੋਈ ਇਸ ਵਰਕਸ਼ਾਪ ਦਾ ਉਦੇਸ਼ ਅਧਿਆਪਕ ਵਰਗ ਨੂੰ ਅਜੋਕੇ ਯੁੱਗ ਵਿਚ ਬਦਲੇ ਹੋਏ ਹਾਲਾਤਾਂ ’ਚ ਅਤਿ ਆਧੁਨਿਕ ਪੜ੍ਹਨ-ਪੜ੍ਹਾਉਣ ਦੀਆਂ ਤਕਨੀਕਾਂ ਸੰਬੰਧੀ ਜਾਣਕਾਰੀ, ਵਿਦਿਆਰਥੀ ਕੇਂਦਰਿਤ ਸਿੱਖਣ ਪੱਧਤੀਆਂ ਅਤੇ ਏ.ਆਈ. ਬਾਰੇ ਮੁੱਢਲੀ ਜਾਣਕਾਰੀ ਮੁਹੱਈਆ ਕਰਵਾਉਣਾ ਹੈ। ਵਰਕਸ਼ਾਪ ਦੇ ਪਹਿਲੇ ਦਿਨ ਆਈ.ਸੀ.ਟੀ. ਅਕੈਡਮੀ ਤੋਂ ਆਏ ਮੁਹੰਮਦ ਆਦਿਲ, ਲਵਤੇਸ਼ ਕੁਮਾਰ ਤੇ ਬਾਬਰ ਨਾਜਰ ਦਾ ਪ੍ਰਿੰਸੀਪਲ ਡਾ. ਸਰਬਜੀਤ ਕੌਰ ਤੇ ਅਧਿਆਪਕਾਂ ਵਲੋਂ ਸਵਾਗਤ ਕੀਤਾ ਗਿਆ। ਪ੍ਰਿੰਸੀਪਲ ਨੇ ਆਈ.ਸੀ.ਟੀ. ਅਕੈਡਮੀ ਦੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਵਰਕਸ਼ਾਪ ਦੇ ਪਹਿਲੇ ਸੈਸ਼ਨ ਵਿਚ ਮੁਹੰਮਦ ਆਦਿਲ ਬਤੌਰ ਸੌਫਟ ਸਕਿੱਲ ਟ੍ਰੇਨਰ ਵਲੋਂ ਆਧੁਨਿਕ ਅਧਿਆਪਨ ਵਿਧੀਆਂ ਅਤੇ ਕਲਾਸ ਵਿਚ ਤਕਨਾਲੋਜੀ ਦੀ ਵਰਤੋਂ ਬਾਰੇ ਚਰਚਾ ਕੀਤੀ। ਵਰਕਸ਼ਾਪ ਦਾ ਪਹਿਲਾ ਦਿਨ ਅਤਿਅੰਤ ਰੌਚਕ ਤੇ ਜਾਣਕਾਰੀ ਭਰਪੂਰ ਰਿਹਾ। ਵਰਕਸ਼ਾਪ ’ਚ ਸ਼ਾਮਿਲ ਹੋਏ ਅਧਿਆਪਕਾਂ ਨੇ ਅਜਿਹੀ ਵਰਕਸ਼ਾਪ ਲਈ ਪ੍ਰਿੰਸੀਪਲ ਅਤੇ ਕਾਲਜ ਦੀ ਮੈਨੇਜਮੈਂਟ ਦਾ ਧੰਨਵਾਦ ਕੀਤਾ।