ਜੈਤੋ, 28 ਜੁਲਾਈ (ਗੁਰਮੀਤਪਾਲ ਰੋੜੀਕਪੂਰਾ)-ਸ੍ਰੀ ਰਾਮਾ ਕ੍ਰਿਸ਼ਨਾ ਡਰਾਮਾਟਿਕ ਕਲੱਬ ਜੈਤੋ ਵਲੋਂ ਸਵਰਗੀ ਗੋਪਾਲ ਦਾਸ ਜਿੰਦਲ ਦੀ ਯਾਦ ਨੂੰ ਸਮਰਪਿਤ ਕਰਵਾਏ ਗਏ ਸੰਗੀਤਕ ਮੁਕਾਬਲੇ ‘ਸੁਰਾਂ ਦੇ ਸਰਤਾਜ’ ਦਾ ਗ੍ਰੈਂਡ ਫਿਨਾਲੇ ਸ਼ਾਨਦਾਰ ਢੰਗ ਨਾਲ ਸਮਾਪਤ ਹੋਇਆ। ਸਮਾਗਮ ਦੌਰਾਨ ਨੌਜਵਾਨ ਗਾਇਕਾਂ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸਰੋਤਿਆਂ ਨੂੰ ਮੰਤਰਮੁਗਧ ਕਰ ਦਿੱਤਾ ਅਤੇ ਪੂਰਾ ਮਾਹੌਲ ਸੰਗੀਤਮਈ ਬਣਿਆ ਰਿਹਾ। ਕਲੱਬ ਦੇ ਪ੍ਰੈਸ ਸਕੱਤਰ ਸੰਦੀਪ ਲੂੰਬਾ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ ਵੱਖ-ਵੱਖ ਸਕੂਲਾਂ ਅਤੇ ਵਿਦਿਅਕ ਸੰਸਥਾਵਾਂ ਦੇ ਲਗਪਗ 150 ਪ੍ਰਤੀਯੋਗੀਆਂ ਨੇ ਭਾਗ ਲਿਆ। ਮੁਕਾਬਲੇ ਨੂੰ ਦੋ ਵਰਗਾਂ ਵਿਚ ਵੰਡਿਆ ਗਿਆ ਸੀ। ਗਰੁੱਪ-ਏ (10 ਤੋਂ 15 ਸਾਲ) ਅਤੇ ਗਰੁੱਪ-ਬੀ (16 ਤੋਂ 25 ਸਾਲ)। ਗਰੁੱਪ-ਏ ਵਿਚ ਦਿਲਬਾਗ ਸਿੰਘ ਨੇ ਸ਼ਾਨਦਾਰ ਗਾਇਕੀ ਦਾ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਿਲ ਕਰਕੇ ‘ਸੁਰਾਂ ਦੇ ਸਰਤਾਜ’ ਦਾ ਖਿਤਾਬ ਆਪਣੇ ਨਾਮ ਕੀਤਾ। ਸ਼ਾਈਨ ਪਹਿਲੇ ਰਨਰ-ਅੱਪ, ਪੀਹੂ ਦੂਜੇ ਰਨਰ-ਅੱਪ ਰਹੇ, ਜਦਕਿ ਵਾਰਿਸ ਅਤੇ ਪਰਵ ਅਰੋੜਾ ਨੇ ਤੀਜਾ ਸਥਾਨ ਸਾਂਝੇ ਤੌਰ ’ਤੇ ਪ੍ਰਾਪਤ ਕੀਤਾ। ਗਰੁੱਪ-ਬੀ ਵਿਚ ਕਰਨਦੀਪ ਕੌਰ ਜੇਤੂ ਰਹੀ, ਸੁਕਸ਼ਮਾ ਮਿੱਤਲ ਪਹਿਲੀ ਰਨਰ-ਅੱਪ ਅਤੇ ਸੁਖਮਨ ਦੂਜੀ ਰਨਰ-ਅੱਪ ਰਹੀ। ਉਨ੍ਹਾਂ ਦੱਸਿਆ ਕਿ 19 ਜੁਲਾਈ ਨੂੰ ਸੰਗੀਤ ਅਧਿਆਪਕ ਤੇਜਪਾਲ ਪਰਵਾਨਾ, ਸਵਰਨਜੀਤ ਸਿੰਘ, ਰਾਜਵਿੰਦਰ (ਰਾਜੂ) ਅਤੇ ਰਾਜੂ ਚਾਵਲਾ ਵਲੋਂ ਆਡੀਸ਼ਨਾਂ ਰਾਹੀਂ ਪ੍ਰਤੀਯੋਗੀਆਂ ਦੀ ਚੋਣ ਕੀਤੀ ਗਈ ਸੀ। ਆਡੀਸ਼ਨਾਂ ਵਿਚੋਂ ਚੁਣੇ ਗਏ 21 ਪ੍ਰਤੀਯੋਗੀਆਂ ਨੇ ਗ੍ਰੈਂਡ ਫਿਨਾਲੇ ਵਿਚ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਗ੍ਰੈਂਡ ਫ਼ਿਨਾਲੇ ਦਾ ਨਿਰਣਾਇਕ ਮੰਡਲ ਪ੍ਰਸਿੱਧ ਸੰਗੀਤ ਗੁਰੂ ਡਾ. ਰਾਜੇਸ਼ ਮੋਹਨ, ਸੰਗੀਤਕਾਰ ਰਵੀ ਸ਼ੰਕਰ ਅਤੇ ਵਾਇਸ ਆਫ਼ ਪੰਜਾਬ-12 ਦੇ ਪ੍ਰਸਿੱਧ ਗਾਇਕ ਗੁਰਮੀਤ ਬੰਟੀ ਨੇ ਸੰਭਾਲਿਆ। ਜੱਜਾਂ ਨੇ ਸਾਰੇ ਪ੍ਰਤੀਯੋਗੀਆਂ ਦੀ ਗਾਇਕੀ ਦੀ ਪ੍ਰਸੰਸਾ ਕਰਦਿਆਂ ਜੇਤੂਆਂ ਦਾ ਐਲਾਨ ਕੀਤਾ। ਇਸ ਮੌਕੇ ਪ੍ਰਸਿੱਧ ਪੰਜਾਬੀ ਗਾਇਕ ਸ਼ਮਸ਼ੇਰ ਚੀਨਾ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ ਅਤੇ ਨੌਜਵਾਨ ਕਲਾਕਾਰਾਂ ਦੀ ਹੌਸਲਾ ਅਫਜ਼ਾਈ ਕੀਤੀ। ਸਮਾਗਮ ਦੇ ਮੁੱਖ ਮਹਿਮਾਨ ਦੀਪਕ ਗਰਗ ਐਮ.ਡੀ., ਏ.ਬੀ. ਕੋਟਸਪਿਨ ਇੰਡੀਆ ਲਿਮਟਿਡ ਨੇ ਦੀਪ ਪ੍ਰਜਵੱਲਿਤ ਕਰਕੇ ਪ੍ਰੋਗਰਾਮ ਦਾ ਉਦਘਾਟਨ ਕੀਤਾ। ਇਸ ਮੌਕੇ ਸਵਰਗੀ ਗੋਪਾਲ ਦਾਸ ਜਿੰਦਲ ਦੀ ਧਰਮਪਤਨੀ, ਉਨ੍ਹਾਂ ਦੇ ਪੁੱਤਰ ਨੀਰਜ ਜਿੰਦਲ, ਭਾਰਤ ਭੂਸ਼ਣ ਜਿੰਦਲ, ਈਸ਼ਵਰ ਜਿੰਦਲ ਅਤੇ ਕਲੱਬ ਦੇ ਸਵਰਗੀ ਕਲਾਕਾਰ ਘਨਸ਼ਾਮ ਦਾਸ (ਰੀਠੂ) ਲੂੰਬਾ ਦੇ ਪੁੱਤਰ ਤੁਸ਼ਾਰ ਲੂੰਬਾ ਆਪਣੇ ਪਰਿਵਾਰ ਸਮੇਤ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਕਲੱਬ ਦੇ ਚੇਅਰਮੈਨ ਸਤੀਸ਼ ਭੀਰੀ, ਵਾਈਸ ਚੇਅਰਮੈਨ ਮਾਣਕ ਸ਼ਾਹ, ਪ੍ਰਧਾਨ ਸੰਦੀਪ ਸ਼ਰਮਾ, ਸੰਗੀਤ ਨਿਰਦੇਸ਼ਕ ਸੋਨੂੰ ਵਰਮਾ, ਸਕੱਤਰ ਨਰੇਸ਼ ਮਿੱਤਲ, ਪ੍ਰੋਜੈਕਟ ਚੇਅਰਮੈਨ ਪੰਕਜ ਜਿੰਦਲ ਅਤੇ ਟਿੰਕੂ ਢੱਲਾ ਸਮੇਤ ਸੁਨੀਲ ਗਰਗ (ਫੈਟੀ), ਅੰਕੁਰ ਗਰਗ, ਡਗਰਕਾਂਤ ਸ਼ਰਮਾ, ਨਰੇਸ਼ ਸ਼ਿਵਾ, ਪਾਲਾ ਸਿੰਘ, ਵਿਪਿਨ ਅਰੋੜਾ, ਨਿੰਦੀ ਸ਼ਰਮਾ, ਮੋਨੂੰ ਲੂੰਬਾ, ਸੋਨੂੰ ਸੂਰੀ ਅਤੇ ਹੋਰ ਮੈਂਬਰਾਂ ਨੇ ਮਹਿਮਾਨਾਂ ਦਾ ਸਨਮਾਨ ਕਰਦਿਆਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ। ਸਮਾਗਮ ਦੀ ਰੌਣਕ ਨੂੰ ਹੋਰ ਵਧਾਉਣ ਲਈ ਵਿਸ਼ਾਲ ਡੀਜੇ ਗੋਨੀਆਨਾ ਵਲੋਂ ਸ਼ਾਨਦਾਰ ਲਾਈਟਿੰਗ ਅਤੇ ਐਲਈਡੀ ਸਕ੍ਰੀਨ ਦਾ ਪ੍ਰਬੰਧ ਕੀਤਾ ਗਿਆ। ਪ੍ਰੋਗਰਾਮ ਦੌਰਾਨ ਦਰਸ਼ਕਾਂ ਨੇ ਪ੍ਰਤੀਯੋਗੀਆਂ ਦੀ ਪੇਸ਼ਕਾਰੀ ਦਾ ਭਰਪੂਰ ਆਨੰਦ ਮਾਣਿਆ ਅਤੇ ਉਨ੍ਹਾਂ ਦੀ ਖੁੱਲ੍ਹ ਕੇ ਹੌਸਲਾ ਅਫਜ਼ਾਈ ਕੀਤੀ।