05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਕੋਟਭਾਈ ਬੇਅਦਬੀ ਘਟਨਾ ’ਤੇ ਜਥੇਦਾਰ ਬਾਬਾ ਟੇਕ ਸਿੰਘ ਨੇ ਲਿਆ ਸਖ਼ਤ ਨੋਟਿਸ

Ad Position 21
No active advertisement
ਅਜੀਤ ਡੈਸਕ 30-07-2026

ਸ੍ਰੀ ਮੁਕਤਸਰ ਸਾਹਿਬ, 29 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕੋਟਭਾਈ ਵਿਖੇ ਗੁਰਦੁਆਰਾ ਸਾਹਿਬ ਤੋਂ ਪਵਿੱਤਰ ਗੁਟਕਾ ਸਾਹਿਬ ਚੁੱਕ ਕੇ ਉਸ ਦੀ ਬੇਅਦਬੀ ਕਰਨ ਅਤੇ ਮਿੱਟੀ ਵਿਚ ਦੱਬਣ ਦੀ ਵਾਪਰੀ ਅਤਿ ਦੁਖਦਾਈ ਤੇ ਹਿਰਦੇਵੇਧਕ ਘਟਨਾ ਦਾ ਸਿੰਘ ਸਾਹਿਬ ਬਾਬਾ ਟੇਕ ਸਿੰਘ ਧਨੌਲਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਨੇ ਗੰਭੀਰ ਨੋਟਿਸ ਲਿਆ ਹੈ। ਸਿੰਘ ਸਾਹਿਬ ਨੇ ਇਸ ਘਟਨਾ ਦੀ ਕਠੋਰ ਸ਼ਬਦਾਂ ਵਿਚ ਨਿੰਦਾ ਕਰਦਿਆਂ ਪੁਲਿਸ ਤੇ ਪ੍ਰਸ਼ਾਸਨ ਨੂੰ ਦੋਸ਼ੀਆਂ ਖ਼ਿਲਾਫ਼ ਤੁਰੰਤ ਤੇ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਹੈ। ਜਾਰੀ ਕੀਤੇ ਇਕ ਪ੍ਰਭਾਵਸ਼ਾਲੀ ਤੇ ਤਿੱਖੇ ਬਿਆਨ ਵਿਚ ਸਿੰਘ ਸਾਹਿਬ ਨੇ ਕਿਹਾ ਕਿ ਗੁਰਬਾਣੀ ਦਾ ਅਪਮਾਨ ਸਿੱਖ ਹਿਰਦਿਆਂ ਨੂੰ ਬੁਰੀ ਤਰ੍ਹਾਂ ਵਲੂੰਧਰਨ ਵਾਲਾ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਸਹਿਣ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਹ ਕੋਈ ਨਿਆਣਪੁਣੇ ਵਿਚ ਵਾਪਰੀ ਆਮ ਘਟਨਾ ਨਹੀਂ ਜਾਪਦੀ, ਸਗੋਂ ਇਸ ਪਿੱਛੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਢਾਹ ਲਾਉਣ ਤੇ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਦੀ ਕੋਈ ਡੂੰਘੀ ਅਤੇ ਸ਼ੈਤਾਨੀ ਸਾਜ਼ਿਸ਼ ਪ੍ਰਤੀਤ ਹੁੰਦੀ ਹੈ। ਇਹ ਪਤਾ ਲਗਾਉਣਾ ਬਹੁਤ ਜ਼ਰੂਰੀ ਹੈ ਕਿ 14-15 ਸਾਲ ਦੇ ਬੱਚੇ ਦੀ ਵਰਤੋਂ ਕਰਕੇ ਇਸ ਘਿਨੌਣੇ ਕਾਰੇ ਨੂੰ ਕਿਸ ਦੇ ਇਸ਼ਾਰੇ ’ਤੇ ਅੰਜਾਮ ਦਿੱਤਾ ਗਿਆ। ਸਿੰਘ ਸਾਹਿਬ ਨੇ ਪ੍ਰਸ਼ਾਸਨ ਨੂੰ ਸਪੱਸ਼ਟ ਸ਼ਬਦਾਂ ਵਿਚ ਆਖਿਆ ਕਿ ਸਿਰਫ਼ ਬੱਚੇ ਨੂੰ ਫ਼ੜ੍ਹ ਕੇ ਮਾਮਲਾ ਰਫ਼ਾ-ਦਫ਼ਾ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ, ਸਗੋਂ ਇਸ ਦੇ ਪਿੱਛੇ ਛੁਪੇ ਅਸਲ ਮਾਸਟਰਮਾਈਂਡ ਤੇ ਸਾਜ਼ਿਸ਼ਕਰਤਾਵਾਂ ਨੂੰ ਬੇਨਕਾਬ ਕਰਕੇ ਜਨਤਕ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਅਜਿਹੀਆਂ ਘਟਨਾਵਾਂ ’ਤੇ ਨੱਥ ਨਾ ਪਾਈ ਗਈ ਅਤੇ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਨਾ ਦਿੱਤੀਆਂ ਗਈਆਂ ਤਾਂ ਸੰਗਤ ਵਿਚ ਫ਼ੈਲ ਰਿਹਾ ਰੋਸ ਵੱਡਾ ਰੂਪ ਧਾਰਨ ਕਰ ਸਕਦਾ ਹੈ, ਜਿਸ ਦੀ ਪੂਰੀ ਜ਼ਿੰਮੇਵਾਰੀ ਸ਼ਾਸਨ ਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਦੇ ਨਾਲ ਹੀ ਸਿੰਘ ਸਾਹਿਬ ਨੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਗ੍ਰੰਥੀ ਸਿੰਘਾਂ ਤੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਗੁਰਦੁਆਰਾ ਸਾਹਿਬਾਨ ਅੰਦਰ ਸੀ.ਸੀ.ਟੀ.ਵੀ. ਕੈਮਰਿਆਂ ਅਤੇ ਪਹੁੰਚ ਦੀ ਨਿਗਰਾਨੀ ਸਮੇਤ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਪੁਖ਼ਤਾ ਕੀਤਾ ਜਾਵੇ ਅਤੇ ਹਰ ਵੇਲੇ ਪੂਰੀ ਤਨਦੇਹੀ ਤੇ ਸੁਚੇਤ ਹੋ ਕੇ ਪਹਿਰਾ ਦਿੱਤਾ ਜਾਵੇ।

Ad Position 22
No active advertisement
ਪਿਛਲੀ ਖ਼ਬਰ ਛੱਪੜ ’ਚ ਡੁੱਬਣ ਕਾਰਨ ਢਾਈ ਸਾਲ ਦੇ ਬੱਚੇ ਦੀ ਮੌਤ ਅਗਲੀ ਖ਼ਬਰ ਪੁਲਿਸ ਨੇ 4 ਘੰਟਿਆਂ ਵਿਚ 2 ਨਾਬਾਲਗ ਲੜਕੀਆਂ ਨੂੰ ਸੁਰੱਖਿਅਤ ਬਰਾਮਦ ਕੀਤਾ
Ad Position 24
No active advertisement