ਗਿੱਦੜਬਾਹਾ, 30 ਜੁਲਾਈ (ਸ਼ਿਵਰਾਜ ਸਿੰਘ ਬਰਾੜ)-ਪੰਜਾਬ ਬੰਦ ਦੇ ਸੱਦੇ ਨੂੰ ਗਿੱਦੜਬਾਹਾ ’ਚ ਭਰਵਾਂ ਹੁੰਗਾਰਾ ਮਿਲਿਆ। ਸ਼ਹਿਰ ਵਾਸੀਆਂ ਨੇ ਸਫ਼ਾਈ ਕਰਮਚਾਰੀਆਂ ਵਲੋਂ ਬੰਦ ਦੇ ਸੱਦੇ ਨੂੰ ਸਮਰਥਨ ਦਿੰਦਿਆਂ ਦੁਕਾਨਾਂ ਪੂਰਨ ਤੌਰ ’ਤੇ ਬੰਦ ਰੱਖੀਆਂ। ਸ਼ਹਿਰ ਅੰਦਰ ਪੁੱਟੀਆਂ ਹੋਈਆਂ ਸੜਕਾਂ ਅਤੇ ਥਾਂ-ਥਾਂ ਕੂੜਾ ਸ਼ਹਿਰ ਨੂੰ ਗ੍ਰਹਿਣ ਲਗਾ ਰਿਹਾ ਹੈ। ਸਫ਼ਾਈ ਕਮਚਾਰੀਆਂ ਵਲੋਂ ਅੱਜ ਸ਼ਹਿਰ ਅੰਦਰ ਰੋਸ ਮਾਰਚ ਕੀਤਾ ਗਿਆ ਅਤੇ ਸੂਬਾ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਗਿੱਦੜਬਾਹਾ ਸ਼ਹਿਰ ਅੰਦਰ ਸਫ਼ਾਈ ਨਾ ਹੋਣ ਕਰਕੇ ਜਨਤਕ ਥਾਵਾਂ ’ਤੇ ਕੂੜੇ ਦੇ ਵੱਡੇ-ਵੱਡੇ ਅੰਬਾਰ ਲੱਗ ਗਏ ਹਨ। ਉਪਰੋਂ ਮਾਨਸੂਨ ਦਾ ਸਮਾਂ ਚੱਲ ਰਿਹਾ ਹੈ। ਜੇਕਰ ਭਰਵੀਂ ਬਾਰਿਸ਼ ਪੈ ਜਾਂਦੀ ਹੈ ਤਾਂ ਸ਼ਹਿਰ ਦੀ ਹਾਲਤ ਬਦਤਰ ਹੋ ਸਕਦੀ ਹੈ। ਕਈ ਮੁਹੱਲਿਆਂ ਵਿਚ ਤਾਂ ਸੀਵਰੇਜ ਓਵਰਫਲੋ ਹੋ ਜਾਂਦਾ ਹੈ ਅਤੇ ਸਫ਼ਾਈ ਵਿਵਸਥਾ ਠੀਕ ਨਾ ਹੋਣ ਕਰਕੇ ਆਮ ਸ਼ਹਿਰੀ ਪ੍ਰੇਸ਼ਾਨ ਹੋ ਰਿਹਾ ਹੈ। ਜਨਤਕ ਥਾਵਾਂ ’ਤੇ ਆਸਮਾਨ ਨੂੰ ਛੂਹ ਰਹੇ ਕੂੜੇ ਦੇ ਡੰਪ ਵਿਚੋਂ ਆ ਰਹੀ ਗੰਦੀ ਬਦਬੂ ਕਾਰਨ ਬਿਮਾਰੀਆਂ ਫ਼ੈਲ ਸਕਦੀਆਂ ਹਨ। ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਰਾਜੇਸ਼ ਕੁਮਾਰ ਬੌਬੀ ਅਤੇ ਸਮਾਜ ਸੇਵੀ ਧਰਮਪਾਲ ਧਾਮੀ ਨੇ ਕਿਹਾ ਕਿ ਸੂਬਾ ਕਮੇਟੀ ਦੇ ਸੁਨੇਹੇ ’ਤੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ, ਜਿਸ ਕਰਕੇ ਗਿੱਦੜਬਾਹਾ ਸ਼ਹਿਰ ਪੂਰੀ ਤਰ੍ਹਾਂ ਬੰਦ ਹੈ ਅਤੇ ਉਹ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਕਰਮਚਾਰੀ ਨਿਗੂਣੀਆਂ ਤਨਖ਼ਾਹਾਂ ’ਤੇ ਕੰਮ ਕਰ ਰਹੇ ਹਨ ਅਤੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰਨਾ ਮੁਸ਼ਕਿਲ ਹੈ। ਕਰਮਚਾਰੀ ਭਿਆਨਕ ਬਿਮਾਰੀਆਂ ਤੋਂ ਪੀੜਤ ਹਨ ਅਤੇ ਕਿਸੇ ਵੀ ਸਰਕਾਰ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਜਦੋਂ ਤੱਕ ਉਨ੍ਹਾਂ ਦੀਆਂ ਹੱਕੀ ਮੰਗਾਂ ਮੰਨੀਆਂ ਨਹੀਂ ਜਾਂਦੀਆਂ, ਉਦੋਂ ਤੱਕ ਹੜਤਾਲ ਜਾਰੀ ਰਹੇਗੀ।
ਪੰਜਾਬ ਬੰਦ ਦੇ ਸੱਦੇ ਨੂੰ ਗਿੱਦੜਬਾਹਾ ’ਚ ਭਰਵਾਂ ਹੁੰਗਾਰਾ
ਅਜੀਤ ਡੈਸਕ
31-07-2026