ਗਲਿਆਰਾ ਯੋਜਨਾ ਤਹਿਤ ਮਾਤਾ ਭਾਗ ਕੌਰ ਦੇ ਬੁੱਤ ਸਥਾਨ ਨੂੰ ਲੈ ਕੇ ਵਿਵਾਦ ਲੋਕਾਂ ਵਲੋਂ ਬੁੱਤ ਚੌਂਕ ’ ਚ ਲਗਾਉਣ ਦੀ ਮੰਗ , ਠੇਕੇਦਾਰ ਇਕ ਪਾਸੇ ਲਗਾ ਰਿਹਾ
ਸ੍ਰੀ ਮੁਕਤਸਰ ਸਾਹਿਬ, 25 ਅਗਸਤ (ਹਰਮਹਿੰਦਰ ਪਾਲ)-ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਤੇ ਚਾਲੀ ਮੁਕਤਿਆਂ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਕੰਪਲੈਕਸ ਦੁਆਲੇ ਕਰੀਬ 8 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਗਲਿਆਰਾ ਯੋਜਨਾ ਤਹਿਤ ਨਾਕਾ ਨੰਬਰ 6 ਵਿਖੇ ਲੱਗਣ ਵਾਲੇ ਮਾਤਾ ਭਾਗ ਕੌਰ ਦੇ ਬੁੱਤ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇਹ ਗਲਿਆਰਾ ਟੂਰਿਜ਼ਮ ਵਿਭਾਗ ਵਲੋਂ ਬਣਾਇਆ ਜਾ ਰਿਹਾ ਹੈ।
ਸ੍ਰੀ ਮੁਕਤਸਰ ਸਾਹਿਬ, 25 ਅਗਸਤ (ਹਰਮਹਿੰਦਰ ਪਾਲ)-ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਤੇ ਚਾਲੀ ਮੁਕਤਿਆਂ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਕੰਪਲੈਕਸ ਦੁਆਲੇ ਕਰੀਬ 8 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਗਲਿਆਰਾ ਯੋਜਨਾ ਤਹਿਤ ਨਾਕਾ ਨੰਬਰ 6 ਵਿਖੇ ਲੱਗਣ ਵਾਲੇ ਮਾਤਾ ਭਾਗ ਕੌਰ ਦੇ ਬੁੱਤ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇਹ ਗਲਿਆਰਾ ਟੂਰਿਜ਼ਮ ਵਿਭਾਗ ਵਲੋਂ ਬਣਾਇਆ ਜਾ ਰਿਹਾ ਹੈ। ਨਾਕਾ ਨੰਬਰ 6 ਤੋਂ ਹੀ ਗੁਰਦੁਆਰਾ ਮਾਤਾ ਭਾਗ ਕੌਰ, ਗੁਰਦੁਆਰਾ ਤੰਬੂ ਸਾਹਿਬ ਅਤੇ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਨੂੰ ਜਾਇਆ ਜਾਂਦਾ ਹੈ। ਇਹ ਨਾਕਾ ਬਹੁਤ ਖੁੱਲ੍ਹਾ ਹੋਣ ਕਰਕੇ ਵਾਹਨਾਂ ’ਤੇ ਆਉਣ ਵਾਲੇ ਯਾਤਰੀ ਇਸ ਨਾਕੇ ਰਾਹੀਂ ਆਉਂਦੇ ਹਨ। ਇਸ ਨਾਕੇ ਤੋਂ ਹੀ ਮੇਲਾ ਮਾਘੀ ਵੇਲੇ ਨਗਰ ਕੀਰਤਨ ਅਤੇ ਹੌਲਾ ਮਹੱਲਾ ਨਿਕਲਦਾ ਹੈ। ਇਸ ਲਈ ਟੂਰਿਜ਼ਮ ਵਿਭਾਗ ਵਲੋਂ ਇਥੇ ਮਾਤਾ ਭਾਗ ਕੌਰ ਦਾ ਬੁੱਤ ਲਗਾਇਆ ਜਾਣਾ ਹੈ, ਪਰ ਬੀਤੀ ਸ਼ਾਮ ਜਦੋਂ ਠੇਕੇਦਾਰ ਨੇ ਮੁੱਖ ਚੌਂਕ ਦੀ ਥਾਂ ਇਕ ਪਾਸੇ ਨੂੰ ਜਾਣ ਵਾਲੀ ਸੜਕ ਦੇ ਦਰੱਖ਼ਤ ਪੁੱਟਣੇ ਸ਼ੁਰੂ ਕਰ ਦਿੱਤੇ, ਤਾਂ ਮੁਹੱਲਾ ਨਿਵਾਸੀ ਰਣਜੀਤ ਸਿੰਘ ਸੈਕਟਰੀ, ਕੁਲਦੀਪ ਸਿੰਘ ਬਰਾੜ, ਐਡਵੋਕੇਟ ਗੁਰਜਿੰਦਰ ਸਿੰਘ, ਪੀ.ਏ. ਜਸਵਿੰਦਰ ਸਿੰਘ ਗੋਹਲਾ, ਵਿਕਰਮ ਸਿੰਘ, ਸ੍ਰੀ ਦਰਬਾਰ ਸਾਹਿਬ ਕਮੇਟੀ ਦੇ ਮੀਤ ਪ੍ਰਧਾਨ ਸੁਖਦੇਵ ਸਿੰਘ ਹੋਰਾਂ ਨੇ ਦੱਸਿਆ ਕਿ ਟੂਰਿਜ਼ਮ ਵਿਭਾਗ ਤੇ ਠੇਕੇਦਾਰ ਵਲੋਂ ਉਨ੍ਹਾਂ ਨੂੰ ਕੋਈ ਨਕਸ਼ਾ ਨਹੀਂ ਵਿਖਾਇਆ ਜਾ ਰਿਹਾ ਅਤੇ ਆਪਣੀ ਮਰਜ਼ੀ ਨਾਲ ਬੁੱਤ ਲਗਾਇਆ ਜਾ ਰਿਹਾ ਹੈ। ਠੇਕੇਦਾਰ ਨੇ 15 ਸਾਲ ਪੁਰਾਣੇ ਰੁੱਖਾਂ ਨੂੰ ਵੱਢਣਾ ਸ਼ੁਰੂ ਕਰ ਦਿੱਤਾ ਹੈ, ਜੋ ਕਿ ਗ਼ਲਤ ਹੈ। ਉਨ੍ਹਾਂ ਮੰਗ ਕੀਤੀ ਕਿ ਬੁੱਤ ਚੌਂਕ ਦੇ ਵਿਚਕਾਰ ਲਗਾਇਆ ਜਾਵੇ। ਇਸ ਦੌਰਾਨ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੇ ਪੀ.ਏ. ਤੇ ਕੌਂਸਲਰ ਵਿੱਕੀ ਕੁਮਾਰ ਨੇ ਦੱਸਿਆ ਕਿ ਲੋਕਾਂ ਦੀ ਸਹਿਮਤੀ ਨਾਲ ਹੀ ਬੁੱਤ ਲਗਾਇਆ ਜਾਵੇਗਾ। ਟੂਰਿਜ਼ਮ ਵਿਭਾਗ ਦੇ ਜੇ.ਈ. ਸੁਮਨ ਛਾਬੜਾ ਨੇ ਦੱਸਿਆ ਕਿ ਲੋਕਾਂ ਤੇ ਗੁਰਦੁਆਰਾ ਕਮੇਟੀ ਦੀ ਸਹਿਮਤੀ ਨਾਲ ਹੀ ਬੁੱਤ ਲਗਾਇਆ ਜਾਵੇਗਾ।