ਵਾਤਾਵਰਨ ਦੀ ਸੰਭਾਲ ਪ੍ਰਤੀ ਸਾਨੂੰ ਸਭਨਾਂ ਨੂੰ ਜਾਗਰੂਕ ਹੋਣ ਦੀ ਲੋੜ : ਵਿਪਨ ਬਿੱਟੂ
ਕੋਟਕਪੂਰਾ, 6 ਅਕਤੂਬਰ (ਮੋਹਰ ਸਿੰਘ ਗਿੱਲ)-ਵਾਤਾਵਰਨ ਦੀ ਸੰਭਾਲ ਕਰਨਾ ਸਾਡਾ ਸਭ ਦਾ ਪਹਿਲਾ ਨੈਤਿਕ ਫ਼ਰਜ ਅਤੇ ਮੁੱਖ ਉਦੇਸ਼ ਹੋਣਾ ਚਾਹੀਦਾ ਹੈ। ਉਸ ਨੂੰ ਅਸੀਂ ਆਪਣੀਆਂ ਸਵਾਰਥੀ ਲੋੜਾਂ ਕਰਕੇ ਦਿਨੋਂ-ਦਿਨ ਤਬਾਹੀ ਵੱਲ ਧੱਕ ਰਹੇ ਹਾਂ।
ਕੋਟਕਪੂਰਾ, 6 ਅਕਤੂਬਰ (ਮੋਹਰ ਸਿੰਘ ਗਿੱਲ)-ਵਾਤਾਵਰਨ ਦੀ ਸੰਭਾਲ ਕਰਨਾ ਸਾਡਾ ਸਭ ਦਾ ਪਹਿਲਾ ਨੈਤਿਕ ਫ਼ਰਜ ਅਤੇ ਮੁੱਖ ਉਦੇਸ਼ ਹੋਣਾ ਚਾਹੀਦਾ ਹੈ। ਉਸ ਨੂੰ ਅਸੀਂ ਆਪਣੀਆਂ ਸਵਾਰਥੀ ਲੋੜਾਂ ਕਰਕੇ ਦਿਨੋਂ-ਦਿਨ ਤਬਾਹੀ ਵੱਲ ਧੱਕ ਰਹੇ ਹਾਂ। ਜੇਕਰ ਅਸੀਂ ਹੁਣ ਵੀ ਨਾ ਸੰਭਲੇ ਤਾਂ ਆਉਣ ਵਾਲੇ ਸਮੇਂ ਵਿਚ ਵਾਤਾਵਰਨ ਦੀ ਸਥਿਤੀ ਹੋਰ ਵੀ ਗੰਭੀਰ ਅਤੇ ਚਿੰਤਾਜਨਕ ਹੋ ਜਾਵੇਗੀ। ਇਹ ਪ੍ਰਗਟਾਵਾ ਸਮਾਜ ਸੇਵੀ ਵਿਪਨ ਕੁਮਾਰ ਬਿੱਟੂ ਪ੍ਰਧਾਨ ਜਰਨਲ ਮਰਚੈਂਟਸ ਐਸੋਸੀਏਸ਼ਨ ਕੋਟਕਪੂਰਾ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਦਿਨੋ-ਦਿਨ ਗੰਧਲੇ ਹੋ ਰਹੇ ਵਾਤਾਵਰਨ ਪ੍ਰਤੀ ਡੂੰਘੀ ਚਿੰਤਾ ਹਰ ਜਾਗਰੂਕਤ ਵਿਅਕਤੀ ਨੂੰ ਸਤਾ ਰਹੀ ਹੈ। ਵਿਪਨ ਬਿੱਟੂ ਨੇ ਕਿਹਾ ਅਜੋਕੀ ਦੌੜ ਵਿਚ ਮਨੁੱਖ ਕੁਦਰਤ ਨਾਲ ਖਿਲਵਾੜ ਕਰ ਰਿਹਾ ਹੈ, ਜਿਸ ਦੇ ਭਿਆਨਕ ਨਤੀਜੇ ਬਿਮਾਰੀਆਂ ਅਤੇ ਮੌਸਮੀ ਤਬਦੀਲੀਆਂ ਦੇ ਰੂਪ ਵਿਚ ਸਾਡੇ ਸਾਹਮਣੇ ਆ ਰਹੇ ਹਨ। ਉਨ੍ਹਾਂ ਜੋਰ ਦੇ ਕੇ ਕਿਹਾ ਕਿ ਜਿਸ ਤਰ੍ਹਾਂ ਸਾਨੂੰ ਆਪਣੇ ਸਰੀਰ ਨੂੰ ਜਿਊਂਦਾ ਰੱਖਣ ਲਈ ਭੋਜਨ ਦੀ ਲੋੜ ਪੈਂਦੀ ਹੈ, ਬਿਲਕੁਲ ਉਸੇ ਤਰ੍ਹਾਂ ਸਾਹ ਲੈਣ ਲਈ ਸ਼ੁੱਧ ਆਕਸੀਜਨ ਦੀ ਲੋੜ ਹੁੰਦੀ ਹੈ। ਜੋ ਸਾਨੂੰ ਸਿਰਫ਼ ਅਤੇ ਸਿਰਫ਼ ਰੁੱਖਾਂ ਤੋਂ ਹੀ ਮਿਲ ਸਕਦੀ ਹੈ। ਉਨ੍ਹਾਂ ਨੇ ਆਮ ਲੋਕਾਂ, ਵਿਦਿਆਰਥੀਆਂ ਅਤੇ ਸਮਾਜਿਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦੇ ਆਲੇ-ਦੁਆਲੇ ਅਤੇ ਖ਼ਾਲੀ ਥਾਵਾਂ ’ਤੇ ਵੱਧ ਤੋਂ ਵੱਧ ਰੁੱਖ ਲਗਾਉਣ। ਉਨ੍ਹਾਂ ਕਿਹਾ ਕਿ ਕੇਵਲ ਪੌਦੇ ਲਗਾਉਣਾ ਹੀ ਕਾਫੀ ਨਹੀਂ ਹੈ, ਸਗੋਂ ਉਨ੍ਹਾਂ ਦੇ ਵੱਡੇ ਹੋਣ ਤੱਕ ਪਾਲਣ-ਪੋਸ਼ਣ ਅਤੇ ਸੰਭਾਲ ਦੀ ਜ਼ਿੰਮੇਵਾਰੀ ਚੁੱਕਣਾ ਵੀ ਬਹੁਤ ਜ਼ਰੂਰੀ ਹੈ। ਜੇਕਰ ਹਰ ਵਿਅਕਤੀ ਘੱਟੋ-ਘੱਟ ਇਕ ਪੌਦਾ ਲਗਾ ਕੇ ਉਸ ਦੀ ਸੰਭਾਲ ਕਰਨ ਦਾ ਪ੍ਰਣ ਕਰ ਲਵੇ ਤਾਂ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਸ਼ੁੱਧ, ਹਰਿਆ-ਭਰਿਆ ਅਤੇ ਸਿਹਤਮੰਦ ਵਾਤਾਵਰਨ ਦੇ ਸਕਦੇ ਹਾਂ।