ਮਾਰਕਿਟ ਕਮੇਟੀ ਗਿੱਦੜਬਾਹਾ ਦੀ ਚੇਅਰਮੈਨੀ ਨੂੰ ਲੈ ਕੇ ਭੰਬਲਭੂਸਾ ਬਰਕਰਾਰ
ਗਿੱਦੜਬਾਹਾ, 6 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਮਾਰਕਿਟ ਕਮੇਟੀ ਦੇ ਚੇਅਰਮੈਨ ਦੀ ਨਿਯੁਕਤੀ ਨੂੰ ਲੈ ਕੇ ਅਜੇ ਵੀ ਭੰਬਲਭੂਸਾ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ‘ਆਪ’ ਸਰਕਾਰ ਬਣਦਿਆਂ ਹੀ ਪ੍ਰਿਤਪਾਲ ਸ਼ਰਮਾ ਨੂੰ ਮਾਰਕਿਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ।
ਗਿੱਦੜਬਾਹਾ, 6 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਮਾਰਕਿਟ ਕਮੇਟੀ ਦੇ ਚੇਅਰਮੈਨ ਦੀ ਨਿਯੁਕਤੀ ਨੂੰ ਲੈ ਕੇ ਅਜੇ ਵੀ ਭੰਬਲਭੂਸਾ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ‘ਆਪ’ ਸਰਕਾਰ ਬਣਦਿਆਂ ਹੀ ਪ੍ਰਿਤਪਾਲ ਸ਼ਰਮਾ ਨੂੰ ਮਾਰਕਿਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਪ੍ਰਿਤਪਾਲ ਸ਼ਰਮਾ ਵਲੋਂ ਚੇਅਰਮੈਨੀ ਤੋਂ ਅਸਤੀਫ਼ਾ ਦਿੰਦਿਆਂ ਭਾਜਪਾ ਵਿਚ ਸ਼ਾਮਿਲ ਹੋ ਗਏ। ਪ੍ਰਿਤਪਾਲ ਸ਼ਰਮਾ ਦੇ ਖਾਸਮਖਾਸ ਰਹੇ ਵਕੀਲ ਹਰਦੀਪ ਸਿੰਘ ਭੰਗਾਲ ਜੋ ਕਿ ਲੰਮੇ ਸਮੇਂ ਤੋਂ ‘ਆਪ’ ਦੇ ਵਰਕਰ ਵਜੋਂ ਕੰਮ ਕਰਦੇ ਆ ਰਹੇ ਸਨ, ਵਲੋਂ ਆਪਣਾ ਅਸਰ ਰਸੂਖ਼ ਵਰਤਦਿਆਂ ਮਾਰਕਿਟ ਕਮੇਟੀ ਦੀ ਚੇਅਰਮੈਨੀ ਹਾਸਿਲ ਕਰ ਲਈ ਗਈ। ਉਸ ਸਮੇਂ ਤੋਂ ਹੀ ਪਾਰਟੀ ਆਗੂਆਂ ਵਿਚ ਚੇਅਰਮੈਨੀ ਨੂੰ ਲੈ ਕੇ ਅੰਦਰ ਖਾਤੇ ਤਰ੍ਹਾਂ-ਤਰ੍ਹਾਂ ਦੀ ਚਰਚਾ ਚੱਲਦੀ ਰਹੀ। ਇੱਥੋਂ ਤੱਕ ਕਿ ਸ੍ਰੀ ਭੰਗਾਲ ਅਕਸਰ ਹੀ ਸੋਸ਼ਲ ਮੀਡੀਆ ’ਤੇ ਆਪਣੇ ਦਿਲ ਦੇ ਵਲਵਲੇ ਬਾਹਰ ਕੱਢਦੇ ਰਹੇ। ਡੇਢ ਕੁ ਮਹੀਨਾ ਪਹਿਲਾਂ ਸੂਬਾ ਸਰਕਾਰ ਵਲੋਂ ਇਕ ਚਿੱਠੀ ਜਾਰੀ ਕਰਦਿਆਂ ਪੰਜਾਬ ਦੀਆਂ ਕੁਝ ਮਾਰਕਿਟ ਕਮੇਟੀਆਂ ਦੇ ਨਵੇਂ ਚੇਅਰਮੈਨ ਲਗਾਏ ਗਏ ਸਨ, ਜਿਨ੍ਹਾਂ ਵਿਚ ਮਾਰਕੀਟ ਕਮੇਟੀ ਗਿੱਦੜਬਾਹਾ ਦੇ ਨਵੇਂ ਚੇਅਰਮੈਨ ਚਰਨਜੀਤ ਸਿੰਘ ਲੁਹਾਰਾ ਦਾ ਨਾਂਅ ਸ਼ਾਮਿਲ ਸੀ। ਚਰਚਾ ਹੈ ਕਿ ਡੇਢ ਮਹੀਨਾ ਬੀਤ ਜਾਣ ਦੇ ਬਾਵਜੂਦ ਨਵੇਂ ਚੇਅਰਮੈਨ ਦੀ ਤਾਜਪੋਸ਼ੀ ਕਰਨ ਵਿਚ ਦੇਰੀ ਕਾਹਦੀ ਹੈ।