ਕੁੱਲ ਹਿੰਦ ਕਿਸਾਨ ਸਭਾ ਨੇ ਪੰਜਾਬ ਸਰਕਾਰ ਨੂੰ ਭੇਜਿਆ ਮੰਗ ਪੱਤਰ
ਸ੍ਰੀ ਮੁਕਤਸਰ ਸਾਹਿਬ, 19 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਧਰਮਪਾਲ ਝਬੇਲਵਾਲੀ ਦੀ ਅਗਵਾਈ ਹੇਠ ਅੱਜ ਪਿਛਲੇ ਦਿਨੀਂ ਬੇਮੌਸਮੀ ਬਾਰਿਸ਼, ਝੱਖੜ ਅਤੇ ਗੜੇਮਾਰੀ ਕਾਰਨ ਫ਼ਸਲਾਂ ਦੇ ਹੋਏ ਭਾਰੀ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਦੇ ਨਾਂਅ ਮੰਗ ਪੱਤਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਰਾਹੀਂ ਭੇਜਿਆ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਸੰਗਰਾਣਾ, ਲੰਡੇਰੋਡੇ, ਝਬੇਲਵਾਲੀ, ਥਾਂਦੇਵਾਲਾ, ਹਰਾਜ, ਭੁੱਟੀਵਾਲਾ, ਖਿੜਕੀਆਂਵਾਲਾ, ਰੁਪਾਣਾ, ਧਿਗਾਣਾ ਤੇ ਫੂਲੇਵਾਲਾ ਸਮੇਤ ਹੋਰ ਕਈ ਪਿੰਡਾਂ ਵਿਚ ਗੜੇਮਾਰੀ ਕਾਰਨ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ।
ਸ੍ਰੀ ਮੁਕਤਸਰ ਸਾਹਿਬ, 19 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਧਰਮਪਾਲ ਝਬੇਲਵਾਲੀ ਦੀ ਅਗਵਾਈ ਹੇਠ ਅੱਜ ਪਿਛਲੇ ਦਿਨੀਂ ਬੇਮੌਸਮੀ ਬਾਰਿਸ਼, ਝੱਖੜ ਅਤੇ ਗੜੇਮਾਰੀ ਕਾਰਨ ਫ਼ਸਲਾਂ ਦੇ ਹੋਏ ਭਾਰੀ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਦੇ ਨਾਂਅ ਮੰਗ ਪੱਤਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਰਾਹੀਂ ਭੇਜਿਆ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਸੰਗਰਾਣਾ, ਲੰਡੇਰੋਡੇ, ਝਬੇਲਵਾਲੀ, ਥਾਂਦੇਵਾਲਾ, ਹਰਾਜ, ਭੁੱਟੀਵਾਲਾ, ਖਿੜਕੀਆਂਵਾਲਾ, ਰੁਪਾਣਾ, ਧਿਗਾਣਾ ਤੇ ਫੂਲੇਵਾਲਾ ਸਮੇਤ ਹੋਰ ਕਈ ਪਿੰਡਾਂ ਵਿਚ ਗੜੇਮਾਰੀ ਕਾਰਨ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ। ਕਿਸਾਨਾਂ ਨੇ ਪੁੱਤਾਂ ਵਾਂਗ ਪਾਲੀ ਫ਼ਸਲ ਨੂੰ ਆਪਣੀਆਂ ਅੱਖਾਂ ਸਾਹਮਣੇ ਬਰਬਾਦ ਹੁੰਦੇ ਵੇਖਿਆ ਹੈ, ਜਿਸ ਕਾਰਨ ਕਿਸਾਨਾਂ ਤੇ ਖੇਤੀਬਾੜੀ ’ਤੇ ਨਿਰਭਰ ਮਜ਼ਦੂਰਾਂ ਦੀ ਆਰਥਿਕ ਹਾਲਤ ਹੋਰ ਮਾੜੀ ਹੋ ਗਈ ਹੈ। ਆਗੂਆਂ ਨੇ ਕਿਹਾ ਕਿ ਕਿਸਾਨ ਤੇ ਖੇਤ ਮਜ਼ਦੂਰ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਹਨ। ਅਜਿਹੇ ਵਿਚ ਕੁਦਰਤੀ ਆਫ਼ਤ ਕਾਰਨ ਫ਼ਸਲਾਂ ਦੇ ਤਬਾਹ ਹੋਣ ਨਾਲ ਉਨ੍ਹਾਂ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ। ਉਨ੍ਹਾਂ ਉਦਾਹਰਨ ਦਿੰਦਿਆਂ ਦੱਸਿਆ ਕਿ ਪਿੰਡ ਸੰਗਰਾਣਾ ਦੇ ਕਿਸਾਨ ਮਾਹਲਾ ਸਿੰਘ ਨੇ ਜ਼ਮੀਨ ਠੇਕੇ ’ਤੇ ਲੈ ਕੇ 29 ਕਿੱਲਿਆਂ ਵਿਚ ਝੋਨੇ ਦੀ ਫ਼ਸਲ ਬੀਜੀ ਸੀ, ਜੋ ਗੜੇਮਾਰੀ ਕਾਰਨ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ। ਇਸ ਨਾਲ ਕਿਸਾਨ ਨੂੰ ਭਾਰੀ ਆਰਥਿਕ ਸੱਟ ਵੱਜੀ ਹੈ। ਕਿਸਾਨ ਸਭਾ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਭਾਵਿਤ ਪਿੰਡਾਂ ਵਿਚ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇ ਅਤੇ ਨੁਕਸਾਨ ਦਾ ਸਹੀ ਮੁਲਾਂਕਣ ਕਰਕੇ ਕਿਸਾਨਾਂ ਦੇ ਨਾਲ-ਨਾਲ ਖੇਤੀ ਮਜ਼ਦੂਰਾਂ ਨੂੰ ਵੀ ਢੱਕਵਾਂ ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਉਹ ਇਸ ਆਰਥਿਕ ਸੰਕਟ ਵਿਚੋਂ ਉਭਰ ਸਕਣ। ਇਸ ਮੌਕੇ ਲਛਮਣ ਸਿੰਘ ਲੰਡੇਰੋਡੇ, ਮਾਹਲਾ ਸਿੰਘ, ਹਰਵਿੰਦਰ ਸਿੰਘ, ਤਰਸੇਮ ਸਿੰਘ, ਰਾਜ ਕੁਮਾਰ, ਕੁਲਵੀਰ ਸਿੰਘ, ਪਰਮਜੀਤ ਸਿੰਘ, ਇਕਬਾਲ ਸਿੰਘ, ਪਰਮਪਾਲ ਸਿੰਘ ਅਤੇ ਗੁਰਦਾਸ ਸਿੰਘ ਹਾਜ਼ਰ ਸਨ।