ਸ੍ਰੀ ਮੁਕਤਸਰ ਸਾਹਿਬ ਵਿਖੇ ਸ੍ਰੀ ਦੁਰਗਾ ਅਸ਼ਟਮੀ ਅਤੇ ਨੌਮੀ ਧੂਮਧਾਮ ਨਾਲ ਮਨਾਈ
ਘਰਾਂ ਅਤੇ ਮੰਦਰਾਂ ਵਿਚ ਸ਼ਰਧਾਲੂਆਂ ਨੇ ਕੰਜਕ ਪੂਜਨ ਕਰਕੇ ਖੋਲ੍ਹੇ ਵਰਤ
ਸ੍ਰੀ ਮੁਕਤਸਰ ਸਾਹਿਬ, 19 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹੇ ਵਿਚ ਅੱਜ ਸ੍ਰੀ ਦੁਰਗਾ ਅਸ਼ਟਮੀ ਅਤੇ ਨੌਮੀ ਦਾ ਤਿਉਹਾਰ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮੁੱਚਾ ਮਾਹੌਲ ਮਾਤਾ ਰਾਣੀ ਦੇ ਰੰਗ ਵਿਚ ਰੰਗਿਆ ਨਜ਼ਰ ਆਇਆ।
ਸ
ਸ੍ਰੀ ਮੁਕਤਸਰ ਸਾਹਿਬ ਵਿਚ ਵੱਖ-ਵੱਖ ਥਾਵਾਂ ’ਤੇ ਘਰਾਂ ’ਚ ਕੰਜਕ ਪੂਜਨ ਕਰਦੇ ਹੋਏ ਸ਼ਰਧਾਲੂ।
20-10-2026
ਸ੍ਰੀ ਮੁਕਤਸਰ ਸਾਹਿਬ, 19 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹੇ ਵਿਚ ਅੱਜ ਸ੍ਰੀ ਦੁਰਗਾ ਅਸ਼ਟਮੀ ਅਤੇ ਨੌਮੀ ਦਾ ਤਿਉਹਾਰ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮੁੱਚਾ ਮਾਹੌਲ ਮਾਤਾ ਰਾਣੀ ਦੇ ਰੰਗ ਵਿਚ ਰੰਗਿਆ ਨਜ਼ਰ ਆਇਆ। ਮੰਦਰਾਂ ਵਿਚ ਸ਼ਾਰਦੀਯ ਨਰਾਤਰੇ ਸ਼ੁਰੂ ਹੋਣ ਮੌਕੇ ਆਰੰਭ ਕਰਵਾਏ ਗਏ ਸ੍ਰੀ ਦੁਰਗਾ ਸਤੁਤੀ ਅਤੇ ਸ੍ਰੀ ਰਾਮਾਇਣ ਦੇ ਪਾਠਾਂ ਦੇ ਭੋਗ ਪਾਏ ਗਏ। ਇਸ ਮੌਕੇ ਮੰਦਰਾਂ ਵਿਚ ਧਾਰਮਿਕ ਸਮਾਗਮ ਕਰਵਾਏ ਗਏ ਅਤੇ ਸ਼ਰਧਾਲੂਆਂ ਨੇ ਕੰਜਕ ਪੂਜਨ ਕਰਕੇ ਆਪਣੇ ਵਰਤ ਖੋਲ੍ਹੇ। ਕੰਨਿਆਵਾਂ ਨੂੰ ਤੋਹਫ਼ੇ ਭੇਟ ਕਰਕੇ ਮਾਤਾ ਰਾਣੀ ਦਾ ਸਰੂਪ ਮੰਨਦਿਆਂ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ। ਮੰਦਰਾਂ ਤੇ ਘਰਾਂ ਵਿਚ ਮਾਤਾ ਰਾਣੀ ਦੇ ਜੈਕਾਰਿਆਂ ਦੀ ਗੂੰਜ ਸੁਣਾਈ ਦਿੰਦੀ ਰਹੀ। ਕੰਜਕ ਪੂਜਨ ਲਈ ਕੰਨਿਆਵਾਂ ਸਵੇਰੇ ਕਰੀਬ ਚਾਰ ਵਜੇ ਤੋਂ ਹੀ ਗਲੀਆਂ ਵਿਚ ਘਰ-ਘਰ ਜਾਂਦੀਆਂ ਨਜ਼ਰ ਆਈਆਂ। ਬ੍ਰਹਮ ਮਹੂਰਤ ਤੋਂ ਸ਼ੁਰੂ ਹੋਇਆ ਕੰਜਕ ਪੂਜਨ ਦਾ ਸਿਲਸਿਲਾ ਦੁਪਹਿਰ ਕਰੀਬ 12 ਵਜੇ ਤੱਕ ਜਾਰੀ ਰਿਹਾ। ਮੰਦਰਾਂ ਵਿਚ ਸ਼ਾਮ ਵੇਲੇ ਵੀ ਧਾਰਮਿਕ ਸਮਾਗਮ ਹੁੰਦੇ ਰਹੇ। ਸ਼ਹਿਰ ਦੇ ਟਿੱਬੀ ਸਾਹਿਬ ਰੋਡ ਸਥਿਤ ਸ੍ਰੀ ਰਾਮ ਭਵਨ, ਸ੍ਰੀ ਸਾਈਂ ਮੰਦਰ, ਪੁਰਾਣੀ ਦਾਣਾ ਮੰਡੀ ਨੇੜੇ ਸਥਿਤ ਸ੍ਰੀ ਰਘੁਨਾਥ ਮੰਦਰ, ਬੈਂਕ ਰੋਡ ਸਥਿਤ ਸ੍ਰੀ ਮਹਾਦੇਵ ਮੰਦਰ, ਰੇਲਵੇ ਰੋਡ ਸਥਿਤ ਸ਼ਕਤੀ ਮੰਦਰ ਸ੍ਰੀ ਮਨਨ ਧਾਮ, ਰਾਮਬਾੜਾ ਬਾਜ਼ਾਰ ਸਥਿਤ ਸ੍ਰੀ ਦੁਰਗਾ ਮੰਦਰ ਗੀਤਾ ਭਵਨ, ਅਬੋਹਰ ਰੋਡ ਦੀ ਖੱਡੀਆਂਵਾਲੀ ਗਲੀ ਸਥਿਤ ਸ੍ਰੀ ਮੋਹਨ ਜਗਦੀਸ਼ਵਰ ਦਿਵਿਆ ਆਸ਼ਰਮ ਅਤੇ ਜਲਾਲਾਬਾਦ ਰੋਡ ਬਾਈਪਾਸ ਸਥਿਤ ਸ਼ਕਤੀ ਮਾਤਾ ਵੈਸ਼ਨੂੰ ਦੇਵੀ ਮੰਦਰ ਸਮੇਤ ਹੋਰ ਮੰਦਰਾਂ ਵਿਚ ਸ੍ਰੀ ਦੁਰਗਾ ਸਤੁਤੀ ਅਤੇ ਸ੍ਰੀ ਰਾਮਾਇਣ ਦੇ ਪਾਠ ਸੰਪੰਨ ਹੋਏ। ਇਨ੍ਹਾਂ ਧਾਰਮਿਕ ਸਮਾਗਮਾਂ ਵਿਚ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ। ਸ੍ਰੀ ਮਹਾਦੇਵ ਮੰਦਰ ਵਿਚ 14 ਸ੍ਰੀ ਰਾਮਾਇਣ ਪਾਠਾਂ ਦੇ ਭੋਗ ਪਾਏ। ਬੈਂਕ ਰੋਡ ਸਥਿਤ ਸ੍ਰੀ ਮਹਾਦੇਵ ਮੰਦਰ ਵਿਚ ਰਖਵਾਏ ਗਏ 14 ਸ੍ਰੀ ਰਾਮਾਇਣ ਪਾਠਾਂ ਦੇ ਭੋਗ ਪਾਏ ਗਏ। ਸ੍ਰੀ ਰਾਮਾਇਣ ਦਾ ਪਾਠ ਕਰਨ ਵਾਲੀਆਂ ਔਰਤਾਂ ਨੂੰ ਤੋਹਫ਼ੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸ਼ਰਧਾਲੂਆਂ ਨੇ ਕੰਜਕ ਪੂਜਨ ਵੀ ਕੀਤਾ। ਇਸ ਮੌਕੇ ਮੰਦਰ ਦੇ ਪ੍ਰਧਾਨ ਦੇਸ ਰਾਜ ਤਨੇਜਾ, ਬਾਵਾ ਵਾਟਸ, ਆਦਰਸ਼ ਗਿਰਧਰ, ਹਰੀਓਮ ਗਰਗ, ਗੋਬਿੰਦ ਦਾਬੜਾ, ਸੁਨੀਲ ਗੁੰਬਰ, ਮਦਨ ਲਾਲ ਅਗਰਵਾਲ, ਸਾਬਕਾ ਕੌਂਸਲਰ ਸੰਜੀਵ ਧੂੜੀਆ, ਅਸ਼ੋਕ ਖਿੱਲਾ, ਸ਼ਾਮ ਲਾਲ, ਅਸ਼ਵਨੀ ਚੁੱਘ, ਸੁਰਿੰਦਰ ਸਿੰਘ, ਸੰਜੀਵ ਖੇੜਾ, ਅਸ਼ਵਨੀ ਆਰੀਆ, ਰਾਜੂ ਚੁੱਘ ਅਤੇ ਵਰਿੰਦਰ ਕਾਠਪਾਲ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ। ਲੰਗਰ ਦੀ ਸੇਵਾ ਗੁਲਸ਼ਨ ਆਹੂਜਾ, ਸਤੀਸ਼ ਵਧਵਾ, ਅਵਿਨਾਸ਼ ਗਿਰਧਰ, ਸੁਰਿੰਦਰ ਛਾਬੜਾ, ਰਾਕੇਸ਼ ਗੋਇਲ, ਅਸ਼ਵਨੀ ਗੋਇਲ ਅਤੇ ਜਤਿਨ ਤਨੇਜਾ ਵਲੋਂ ਕਰਵਾਈ ਗਈ। ਸਥਾਨਕ ਅਬੋਹਰ ਰੋਡ ਸਥਿਤ ਸ੍ਰੀ ਮੋਹਨ ਜਗਦੀਸ਼ਵਰ ਦਿਵਿਆ ਆਸ਼ਰਮ ਵਿਚ ਕਰਵਾਏ ਜਾ ਰਹੇ ਸ੍ਰੀ ਰਾਮਾਇਣ ਪਾਠਾਂ ਦੇ ਭੋਗ ਵੀ ਅਸ਼ਟਮੀ ਮੌਕੇ ਪਾਏ ਗਏ। ਇਸ ਦੌਰਾਨ ਕੰਜਕ ਪੂਜਨ ਦੇ ਨਾਲ ਭਜਨ ਸੰਕੀਰਤਨ ਕਰਵਾਇਆ ਗਿਆ। ਸ੍ਰੀ ਰਘੁਨਾਥ ਮੰਦਰ ਵਿਚ 31 ਸ੍ਰੀ ਰਾਮਾਇਣ ਪਾਠਾਂ ਦੇ ਭੋਗ ਪਾਏ ਗਏ। ਇਸ ਮੌਕੇ ਪਾਠ ਕਰਨ ਵਾਲੀਆਂ ਔਰਤਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿਚ ਗਾਂਧੀ ਨਗਰ ਸਥਿਤ ਡੇਰਾ ਸੰਤ ਬਾਬਾ ਬੱਗੂ ਭਗਤ ਦੇ ਗੱਦੀਨਸ਼ੀਨ ਬਾਊ ਸ਼ੰਮੀ ਚਾਵਲਾ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਸ਼ਰਧਾਲੂਆਂ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ੰਮੀ ਤੇਰ੍ਹੀਆ, ਚੇਅਰਮੈਨ ਰਾਜ ਖੁਰਾਣਾ, ਪ੍ਰਧਾਨ ਅਸ਼ੋਕ ਤੇਰ੍ਹੀਆ, ਪੰਡਿਤ ਆਦੇਸ਼ ਸ਼ਰਮਾ ਮੰਨੂ, ਸੁਭਾਸ਼ ਗਰੋਵਰ, ਟੀਟੂ ਬਿਰਲਾ, ਸੁਭਾਸ਼ ਗੁੰਬਰ, ਮਾਸਟਰ ਪੱਪੂ ਅਤੇ ਮਾਤਾ ਰਮਾ ਦੇਵੀ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ। ਜਲਾਲਾਬਾਦ ਰੋਡ ਸਥਿਤ ਮਾਂ ਬਗਲਾਮੁਖੀ ਧਾਮ ਵਿਚ 20 ਅਕਤੂਬਰ ਨੂੰ ਮਹਾਨੌਮੀ ਤੇ ਵਿਜੇਦਸ਼ਮੀ ਮੌਕੇ ਵਿਸ਼ਾਲ ਹਵਨ ਅਤੇ ਭੰਡਾਰਾ ਕਰਵਾਇਆ ਜਾਵੇਗਾ। ਇਸ ਦੌਰਾਨ ਸਵੇਰੇ ਕਰੀਬ 6 ਵਜੇ ਤੋਂ 8:30 ਵਜੇ ਤੱਕ ਸਨਾਤਨ ਧਰਮ ਪ੍ਰਚਾਰਕ ਤੇ ਪ੍ਰਸਿੱਧ ਵਿਦਵਾਨ ਬ੍ਰਹਮਰਿਸ਼ੀ ਪੰਡਿਤ ਪੂਰਨ ਚੰਦਰ ਜੋਸ਼ੀ ਦੀ ਅਗਵਾਈ ਹੇਠ ਹਵਨ ਹੋਵੇਗਾ। ਇਸ ਉਪਰੰਤ ਅਤੁੱਟ ਭੰਡਾਰਾ ਵਰਤਾਇਆ ਜਾਵੇਗਾ। ਉਧਰ ਟਿੱਬੀ ਸਾਹਿਬ ਰੋਡ ਸਥਿਤ ਸ੍ਰੀ ਸ਼ਿਆਮ ਮੰਦਰ ਵਿਚ ਵੀ ਵਿਜੇ ਦਸ਼ਮੀ ਵਾਲੇ ਦਿਨ ਸ੍ਰੀ ਦੁਰਗਾ ਸਤੁਤੀ ਪਾਠਾਂ ਦੇ ਭੋਗ ਪਾਏ ਜਾਣਗੇ।