ਮਾਨਸਾ, 31 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)- ਕੜਾਕੇ ਦੀ ਠੰਢ ਕਾਰਨ ਮਾਲਵਾ ਖੇਤਰ ਦੇ ਇੱਧਰਲੇ ਜ਼ਿਲਿ੍ਹਆਂ 'ਚ ਜੀਵਨ ਅਸਤ ਵਿਅਸਤ ਰਿਹਾ | ਸਵੇਰ ਵੇਲੇ ਸੰਘਣੀ ਧੁੰਦ ਪਈ ਅਤੇ ਸਾਰਾ ਦਿਨ ਸੂਰਜ ਦੇਵਤਾ ਨੇ ਦਰਸ਼ਨ ਨਹੀਂ ਦਿੱਤੇ ਜਿਸ ਕਰ ਕੇ ਬਹੁਤੇ ਲੋਕ ਘਰਾਂ 'ਚ ਹੀ ਦੁਬਕੇ ਰਹੇ | ਜ਼ਿਆਦਾਤਰ ਦਿਹਾੜੀ ਮਜ਼ਦੂਰ ਵੀ ਵਿਹਲੇ ਰਹੇ ਜਦਕਿ ਸਲੱਮ ਬਸਤੀਆਂ ਤੇ ਝੁੱਗੀ-ਝੌਂਪੜੀਆਂ 'ਚ ਰਹਿਣ ਵਾਲੇ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ | ਸ਼ਹਿਰ 'ਚ ਕੋਈ ਚਹਿਲ-ਪਹਿਲ ਨਹੀਂ ਸੀ ਜਦਕਿ ਬੱਸਾਂ 'ਚ ਵੀ ਸਵਾਰੀਆਂ ਘੱਟ ਵੇਖੀਆਂ ਗਈਆਂ | ਲੋਕ ਕਹਿਰ ਦੀ ਸਰਦੀ ਤੋਂ ਬਚਣ ਲਈ ਧੂਣੀ ਸੇਕਦੇ ਰਹੇ | ਕਿਸਾਨਾਂ ਤੇ ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਸਰਦੀ ਤੇ ਧੁੰਦ ਹਾੜੀ ਦੀਆਂ ਫ਼ਸਲਾਂ ਲਈ ਲਾਹੇਵੰਦ ਸਾਬਤ ਹੋਵੇਗੀ | ਕਾਬਲੇ-ਗ਼ੌਰ ਰਹੇ ਮੌਸਮ ਵਿਭਾਗ ਨੇ ਪਹਿਲਾਂ ਹੀ ਰਿਪੋਰਟ ਦਿੱਤੀ ਹੈ ਕਿ ਇਨ੍ਹਾਂ ਦਿਨਾਂ 'ਚ ਰਾਜ 'ਚ ਸ਼ੀਤ ਲਹਿਰ ਚੱਲੇਗੀ ਅਤੇ ਕਈ ਥਾਵਾਂ 'ਤੇ ਬਾਰਸ਼ ਵੀ ਹੋਵੇਗੀ | ਧੁੰਦ ਕਰ ਕੇ ਵਾਹਨ ਚਾਲਕਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉੱਧਰ ਠੰਢ ਨਾਲ ਵੱਡੀ ਗਿਣਤੀ 'ਚ ਲੋਕ ਖਾਂਸੀ, ਜ਼ੁਕਾਮ ਤੇ ਬੁਖ਼ਾਰ ਦੀ ਜਕੜ 'ਚ ਆ ਗਏ ਹਨ ਅਤੇ ਹਸਪਤਾਲਾਂ 'ਚ ਅਜਿਹੇ ਮਰੀਜ਼ਾਂ ਦੀ ਵੱਡੀ ਤਾਦਾਦ ਵੇਖੀ ਜਾ ਸਕਦੀ ਹੈ | ਜੇਕਰ ਅਗਲੇ ਦਿਨਾਂ 'ਚ ਮੀਂਹ ਪੈ ਜਾਂਦਾ ਹੈ ਤਾਂ ਲੋਕਾਂ ਨੂੰ ਸੁੱਕੀ ਠੰਢ ਤੋਂ ਨਿਜਾਤ ਮਿਲੇਗੀ | ਡਾਕਟਰਾਂ ਦੀ ਲੋਕਾਂ ਨੂੰ ਸਲਾਹ ਹੈ ਕਿ ਉਹ ਸਰਦੀ ਦੇ ਮੱਦੇਨਜ਼ਰ ਸਾਵਧਾਨੀਆਂ ਵਰਤਣ ਅਤੇ ਬਿਨਾਂ ਖ਼ਾਸ ਕੰਮ ਤੋਂ ਘਰਾਂ 'ਚੋਂ ਬਾਹਰ ਨਾ ਜਾਣ |