ਬੋਹਾ, 3 ਜਨਵਰੀ (ਰਮੇਸ਼ ਤਾਂਗੜੀ)- ਸ਼ੋ੍ਰਮਣੀ ਅਕਾਲੀ ਦਲ ਦਾ ਵਫ਼ਦ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਜਥੇਦਾਰ ਬੱਲਮ ਸਿੰਘ ਕਲੀਪੁਰ, ਨਗਰ ਪੰਚਾਇਤ ਬੋਹਾ ਦੇ ਸਾਬਕਾ ਪ੍ਰਧਾਨ ਜਥੇਦਾਰ ਜੋਗਾ ਸਿੰਘ ਤੇ ਸਾਬਕਾ ਸਰਪੰਚ ਸਰਦੂਲ ਸਿੰਘ ਉੱਪਲ ਦੀ ਅਗਵਾਈ ਹੇਠ ਨਗਰ ਪੰਚਾਇਤ ਬੋਹਾ ਦੇ ਕਾਰਜ ਸਾਧਕ ਅਫ਼ਸਰ ਸਿਕੰਦਰ ਸਿੰਘ ਨੂੰ ਮਿਲਿਆ | ਵਫ਼ਦ ਨੇ ਬੋਹਾ ਨਗਰ ਪੰਚਾਇਤ ਦੀ ਲੋਕਾਂ ਨੂੰ ਭਰੋਸੇ ਲਏ ਬਿਨਾਂ ਰਾਜਨੀਤਕ ਅਧਾਰ 'ਤੇ ਕੀਤੀ ਵਾਰਡ ਬੰਦੀ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਮੰਗ ਕੀਤੀ ਕਿ ਇਹ ਵਾਰਡ ਬੰਦੀ ਤੁਰੰਤ ਰੱਦ ਕੀਤੀ ਜਾਵੇ | ਜਥੇਦਾਰ ਬੱਲਮ ਸਿੰਘ ਨੇ ਕਿਹਾ ਕਿ ਨਗਰ ਪੰਚਾਇਤ ਬੋਹਾ ਦੇ ਵਾਰਡ ਨੰਬਰ 1 ਤੋਂ 13 ਤੱਕ ਦੀ ਵਾਰਡ ਬੰਦੀ ਗ਼ੈਰ-ਕਾਨੰੂਨੀ ਢੰਗ ਨਾਲ ਕੀਤੀ ਗਈ ਹੈ ਅਤੇ ਐਸ.ਸੀ. ਅਤੇ ਬੀ.ਸੀ ਆਬਾਦੀ ਦੀ ਗਿਣਤੀ ਤੋੜ ਮਰੋੜ ਕੇ ਗਲਤ ਢੰਗ ਨਾਲ ਵਾਰਡ ਬਣਾਏ ਗਏ ਹਨ | ਉਨ੍ਹਾਂ ਕਿਹਾ ਕਿ ਵਾਰਡਾਂ ਦਾ ਗਲਤ ਢੰਗ ਨਾਲ ਕੀਤਾ ਰਾਖਵਾਂਕਰਨ ਲੋਕਾਂ ਲਈ ਵੱਡੀ ਮੁਸੀਬਤ ਸਾਬਤ ਹੋਵੇਗਾ ਅਤੇ ਵਾਰਡਾਂ ਦੇ ਨੰਬਰ ਬਦਲ ਦਿੱਤੇ ਜਾਣ ਨਾਲ ਲੋਕਾਂ ਨੂੰ ਆਪਣੇ ਘਰਾਂ ਦੇ ਪਤੇ ਬਦਲ ਜਾਣ 'ਤੇ ਉਨ੍ਹਾਂ 'ਤੇ ਵੱਡਾ ਵਿੱਤੀ ਬੋਝ ਵੀ ਪਵੇਗਾ | ਜਥੇਦਾਰ ਜੋਗਾ ਸਿੰਘ ਨੇ ਕਿਹਾ ਕਿ ਜੇਕਰ ਇਹ ਗੈਰ ਅਸੂਲੀ ਵਾਰਡ ਬੰਦੀ ਰੱਦ ਨਾ ਕੀਤੀ ਗਈ ਤਾਂ ਬੋਹਾ-ਬੁਢਲਾਡਾ ਸੜਕ ਜਾਮ ਕਰ ਕੇ ਅਣਮਿਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ | ਕਾਰਜ ਸਾਧਕ ਅਫ਼ਸਰ ਸਿਕੰਦਰ ਸਿੰਘ ਨੇ ਕਿਹਾ ਕਿ ਵਾਰਡ ਬੰਦੀ ਕਾਨੂੰਨੀ ਢੰਗ ਨਾਲ ਕੀਤੀ ਗਈ ਹੈ | ਸ਼੍ਰੋਮਣੀ ਅਕਾਲੀ ਦਲ ਵਲੋਂ ਲਗਾਏ ਇਤਰਾਜ਼ ਉਨ੍ਹਾਂ ਵਸੂਲ ਕਰ ਲਏ ਹਨ ਤੇ ਇਹ ਇਤਰਾਜ਼ ਪੱਤਰ ਡਿਪਟੀ ਕਮਿਸ਼ਨਰ ਤੇ ਹੋਰ ਸਬੰਧਿਤ ਅਧਿਕਾਰੀਆਂ ਨੂੰ ਭੇਜ ਦਿੱਤਾ ਗਿਆ ਹੈ |
ਨਗਰ ਪੰਚਾਇਤ ਬੋਹਾ ਦੀ ਗੈਰ ਅਸੂਲੀ ਵਾਰਡ ਬੰਦੀ ਰੱਦ ਕੀਤੀ ਜਾਵੇ-ਬੱਲਮ ਸਿੰਘ ਕਲੀਪੁਰ ਬੋਹਾ-ਬੁਢਲਾਡਾ ਸੜਕ 'ਤੇ ਜਾਮ ਲਗਾਉਣ ਦੀ ਚਿਤਾਵਨੀ
ਅਜੀਤ ਡੈਸਕ
04-01-2026