ਮਾਨਸਾ, 3 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)- ਸੀ.ਪੀ.ਆਈ. (ਐਮ ਐਲ.) ਲਿਬਰੇਸ਼ਨ ਨੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਕਾ. ਮੁਕੇਸ਼ ਮਲੌਦ ਦੀ ਗਿ੍ਫ਼ਤਾਰੀ ਦੀ ਅਤੇ ਪੱਤਰਕਾਰਾਂ ਤੇ ਯੂ ਟਿਊਬਰਾਂ ਖ਼ਿਲਾਫ਼ ਮੁਕੱਦਮੇ ਦਰਜ ਕਰਨ ਦੀ ਨਿੰਦਾ ਕੀਤੀ ਹੈ | ਪਾਰਟੀ ਦੇ ਸੂਬਾ ਸਕੱਤਰ ਕਾ. ਗੁਰਮੀਤ ਸਿੰਘ ਬਖਤਪੁਰ ਅਤੇ ਸੂਬਾਈ ਬੁਲਾਰੇ ਕਾ. ਸੁਖਦਰਸ਼ਨ ਸਿੰਘ ਨੱਤ ਨੇ ਕਿਹਾ ਕਿ ਮਲੌਦ ਨਾ ਭਗੌੜਾ ਸੀ ਤੇ ਨਾ ਅਪਰਾਧੀ ਬਲਕਿ ਉਹ ਅਪਣੇ ਸੰਗਠਨ ਵਲੋਂ ਲੰਮੇ ਅਰਸੇ ਤੋਂ ਬੇਜ਼ਮੀਨੇ ਪੇਂਡੂ ਗ਼ਰੀਬਾਂ ਦੇ ਕਾਨੂੰਨੀ ਹੱਕਾਂ ਅਧਿਕਾਰਾਂ ਅਤੇ ਮਾਣ ਸਨਮਾਨ ਲਈ ਜੱਦੋ-ਜਹਿਦ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਉਸ ਨੂੰ ਪੰਜਾਬ ਪੁਲਿਸ ਵਲੋਂ ਖ਼ਤਰਨਾਕ ਮੁਜਰਮਾਂ ਵਾਂਗ ਦਿੱਲੀ ਦੇ ਰੇਲਵੇ ਸਟੇਸ਼ਨ ਤੋਂ ਗਿ੍ਫ਼ਤਾਰ ਕਰਨ ਦੀ ਕੋਈ ਤੁਕ ਨਹੀਂ ਬਣਦੀ | ਉਨ੍ਹਾਂ ਕਿਹਾ ਕਿ ਪੱਤਰਕਾਰਾਂ ਤੇ ਸਮਾਜਿਕ ਕਾਰਕੁਨਾਂ ਖ਼ਿਲਾਫ਼ ਪਰਚੇ ਦਰਜ ਕਰਨਾ ਵੀ ਸਰਕਾਰ ਦੀ ਬੌਖਲਾਹਟ ਹੈ | ਉਨ੍ਹਾਂ ਕਿਹਾ ਕਿ ਮੀਡੀਆ ਦੀ ਜ਼ੁਬਾਨ ਬੰਦ ਕਰਨ ਲਈ ਦਰਜ਼ ਕੀਤੇ ਕੇਸ ਨਾਲ 'ਆਪ' ਸਰਕਾਰ ਮੋਦੀ ਸਰਕਾਰ ਦੀ ਪੈੜ ਵਿਚ ਪੈੜ ਧਰਦੀ ਨਜ਼ਰ ਆ ਰਹੀ ਹੈ | ਲਿਬਰੇਸ਼ਨ ਨੇ ਮੁਕੇਸ਼ ਮਲੌਦ ਨੂੰ ਰਿਹਾਅ ਕਰਨ ਅਤੇ ਮੀਡੀਆ ਕਰਮੀਆਂ ਵਿਰੁੱਧ ਦਰਜ਼ ਕੇਸ ਰੱਦ ਕਰਨ ਦੀ ਮੰਗ ਕੀਤੀ ਹੈ |