ਮਾਨਸਾ, 27 ਜਨਵਰੀ (ਗੁਰਚੇਤ ਸਿੰਘ ਫੱਤੇਵਾਲੀਆ)- ਅਧਿਆਪਕ ਦਲ ਪੰਜਾਬ ਜ਼ਿਲ੍ਹਾ ਮਾਨਸਾ ਦੀ ਮੀਟਿੰਗ ਇੱਥੇ ਹੋਈ | ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਲਾਲਿਆਂਵਾਲੀ, ਜਸਵੀਰ ਸਿੰਘ ਖ਼ਾਲਸਾ ਤੇ ਗੁਰਲਾਭ ਸਿੰਘ ਨੇ ਭਖਦੀਆਂ ਮੰਗਾਂ ਤੋਂ ਇਲਾਵਾ ਸੁਪਰੀਮ ਕੋਰਟ ਅਤੇ ਪੰਜਾਬ ਸਰਕਾਰ ਵਲੋਂ ਸਰਕਾਰੀ ਅਧਿਆਪਕਾਂ 'ਤੇ ਲਗਾਈਆਂ ਜਾ ਰਹੀਆਂ ਪੀ.ਐਸ. ਟੈੱਟ ਦੀਆਂ ਸ਼ਰਤਾਂ 'ਤੇ ਵਿਚਾਰ ਵਟਾਂਦਰਾ ਕਰਦਿਆਂ ਪੀ.ਐਸ. ਟੈੱਟ ਪਾਸ ਪ੍ਰੀਖਿਆ ਤੋਂ ਛੋਟ ਦੀ ਮੰਗ ਕੀਤੀ | ਬੁਲਾਰਿਆਂ ਨੇ ਕਿਹਾ ਕਿ ਉਨ੍ਹਾਂ ਦੀ ਭਰਤੀ ਵੇਲੇ ਇਸ ਪ੍ਰੀਖਿਆ ਦੀ ਇਸ਼ਤਿਹਾਰ 'ਚ ਕੋਈ ਅਜਿਹੀ ਸ਼ਰਤ ਨਹੀਂ ਸੀ, ਇਸ ਲਈ ਇਹ ਫ਼ੈਸਲਾ ਲਾਗੂ ਕਰਨਾ ਤਰਕਸੰਗਤ ਨਹੀਂ ਹੈ | ਜੇਕਰ ਇਸ ਸ਼ਰਤ ਨੂੰ ਵਾਪਸ ਨਹੀਂ ਲਿਆ ਜਾਂਦਾ ਤਾਂ ਅਧਿਆਪਕ ਦਲ ਸੰਘਰਸ਼ ਦੇ ਰਾਹ ਪੈਣ ਲਈ ਮਜਬੂਰ ਹੋਵੇਗਾ | ਉਕਤ ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਜੋ ਅਧਿਆਪਕ 2011 ਤੋਂ ਪਹਿਲਾਂ ਭਰਤੀ ਹੋਏ ਹਨ, ਉਨ੍ਹਾਂ ਦੀ ਤਰੱਕੀ 'ਚ ਅਤੇ ਜੋ ਅਧਿਆਪਕ ਮਾਸਟਰ ਕੇਡਰ ਤੋਂ ਲੈਕਚਰਾਰ ਕਾਡਰ 'ਚ ਪ੍ਰਮੋਟ ਹੋਣਾ ਚਾਹੁੰਦੇ ਹਨ, ਉਨ੍ਹਾਂ 'ਤੇ ਵੀ ਉਕਤ ਪ੍ਰੀਖਿਆ ਦੀ ਸ਼ਰਤ ਹਟਾਈ ਜਾਵੇ | ਇਸ ਉਪਰੰਤ ਵਫ਼ਦ ਵਲੋਂ ਸਿੱਖਿਆ ਮੰਤਰੀ ਦੇ ਨਾਂਅ ਅਧਿਕਾਰੀ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਸਮਸ਼ੇਰ ਸਿੰਘ, ਰਾਜਨਦੀਪ ਸਿੰਘ, ਸ਼ਸ਼ੀ ਭੂਸ਼ਨ, ਜਗਜੀਤ ਸਿੰਘ, ਹਰਮਨਦੀਪ ਸਿੰਘ, ਪਰਮਿੰਦਰ ਸਿੰਘ ਬਿੱਟੂ, ਸੁਰਜੀਤ ਸਿੰਘ, ਗੁਰਦੀਪ ਸਿੰਘ ਬਬਲੂ, ਸਮਰਜੀਤ ਸਿੰਘ ਅਕਲੀਆ ਆਦਿ ਹਾਜ਼ਰ ਸਨ |