ਭੀਖੀ, 27 ਜਨਵਰੀ (ਬਲਕਾਰ ਸਿੰਘ ਸਹੋਤਾ)- ਸਥਾਨਕ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਸਕੂਲ ਵਿਖੇ ਸਪਤ ਸ਼ਕਤੀ ਸੰਗਮ-2026 ਸਮਾਗਮ ਦਾ ਆਯੋਜਨ ਕੀਤਾ ਗਿਆ, ਜੋ ਏਕਤਾ, ਗਿਆਨ, ਸੰਸਕਿ੍ਤੀ, ਸਿੱਖਿਆ, ਸਮਰਸਤਾ ਅਤੇ ਸੇਵਾ ਦੇ ਉੱਚੇ ਆਦਰਸ਼ਾਂ ਨੂੰ ਸਮਰਪਿਤ ਰਿਹਾ | ਸਮਾਗਮ ਦੀ ਪ੍ਰਧਾਨਗੀ ਸਕੂਲ ਪ੍ਰਬੰਧਕ ਕਮੇਟੀ ਦੀ ਮੈਂਬਰ ਨੀਲਮ ਮਨਚੰਦਾ ਨੇ ਕੀਤੀ ਅਤੇ ਮੁੱਖ ਵਕਤਾ ਵਜੋਂ ਅਧਿਆਪਕਾ ਪੂਨਮ ਸ਼ਰਮਾ ਤੇ ਬ੍ਰਹਮਾਕੁਮਾਰੀ ਆਸ਼ਰਮ ਭੀਖੀ ਦੀ ਸੰਚਾਲਿਕਾ ਦੀਦੀ ਰੂਪਿੰਦਰ ਨੇ ਸ਼ਿਰਕਤ ਕੀਤੀ | ਉਨ੍ਹਾਂ ਦੱਸਿਆ ਕਿ ਪਰਿਵਾਰ ਅਤੇ ਸਮਾਜ ਦੇ ਕਲਿਆਣ 'ਚ ਨਾਰੀ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ | ਉਨ੍ਹਾਂ ਕਿਹਾ ਕਿ ਸੰਤੁਲਿਤ ਅਤੇ ਆਪਸੀ ਸਮਝ ਨਾਲ ਬਣਿਆ ਪਰਿਵਾਰ ਹੀ ਸਮਾਜ ਦੀ ਮਜ਼ਬੂਤ ਨੀਂਹ ਹੁੰਦਾ ਹੈ | ਭਾਰਤੀ ਸੰਸਕਿ੍ਤੀ ਦੀ ਸਹੀ ਸਮਝ ਸਮਾਜ ਨੂੰ ਸਹੀ ਦਿਸ਼ਾ ਦਿਖਾਉਂਦੀ ਹੈ ਅਤੇ ਸਾਂਝੇ ਉਪਰਾਲਿਆਂ ਨਾਲ ਹੀ ਸਮਾਜ ਦੀ ਪ੍ਰਗਤੀ ਸੰਭਵ ਹੈ | ਮੈਡਮ ਸਰੋਜ ਰਾਣੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਸ਼ਿਵ ਮੰਦਰ ਮਹਿਲਾ ਮੰਡਲੀ ਦੀ ਬਿਮਲਾ ਦੇਵੀ, ਉਰਮਿਲਾ ਰਾਣੀ, ਕਮਲੇਸ਼ ਰਾਣੀ, ਅਰਚਨਾ ਰਾਣੀ, ਪ੍ਰਭਾ ਰਾਣੀ ਅਤੇ ਸੁਨੀਤਾ ਰਾਣੀ ਆਦਿ ਹਾਜ਼ਰ ਸਨ |