ਮਾਨਸਾ, 28 ਜਨਵਰੀ (ਗੁਰਚੇਤ ਸਿੰਘ ਫੱਤੇਵਾਲੀਆ)- ਮਗਨਰੇਗਾ ਦੇ ਕੰਮ ਬੰਦ ਕਰ ਕੇ ਕੇਂਦਰ ਤੇ ਪੰਜਾਬ ਸਰਕਾਰ ਨੇ ਗ਼ਰੀਬਾਂ ਦੇ ਹੱਥਾਂ 'ਚੋਂ ਰੋਟੀ ਖੋਹ ਲਈ ਹੈ ਅਤੇ ਉਨ੍ਹਾਂ ਨੂੰ ਸੜਕਾਂ 'ਤੇ ਰੁਲਣ ਲਈ ਮਜਬੂਰ ਕਰ ਦਿੱਤਾ ਹੈ | ਇਹ ਦੋਸ਼ ਪਿੰਡ ਫਫੜੇ ਭਾਈਕੇ ਵਿਖੇ ਮਜ਼ਦੂਰ ਰੈਲੀ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਾ ਨੇ ਲਗਾਏ | ਉਨ੍ਹਾਂ ਕਿਹਾ ਕਿ ਦੇਸ਼ 'ਚ ਸਭ ਤੋਂ ਵੱਡੀ ਸਮੱਸਿਆ ਬੇਰੁਜ਼ਗਾਰੀ ਦੀ ਹੈ ਪਰ ਸਰਕਾਰ ਮਗਨਰੇਗਾ ਕਾਨੂੰਨ ਤਹਿਤ ਪੇਂਡੂ ਖੇਤਰ 'ਚ ਬੇਜ਼ਮੀਨੇ ਮਜ਼ਦੂਰਾਂ ਨੂੰ ਮਿਲਦਾ ਥੋੜ੍ਹਾ ਬਹੁਤ ਕੰਮ ਵੀ ਬੰਦ ਕਰ ਰਹੀ ਹੈ | ਉਨ੍ਹਾਂ ਕਿਹਾ ਕਿ 2022 'ਚ ਕੀਤੀਆਂ ਗਰੰਟੀਆਂ ਲਾਗੂ ਕਰਨ 'ਚ ਫ਼ੇਲ੍ਹ ਹੋਈ ਮਾਨ ਸਰਕਾਰ ਹੁਣ ਸਿਹਤ ਬੀਮਾ ਦੇ ਨਾਂਅ 'ਤੇ ਲੋਕਾਂ ਨੂੰ ਮੂਰਖ ਬਣਾ ਰਹੀ ਹੈ | ਮਜ਼ਦੂਰ ਆਗੂ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਮਜ਼ਦੂਰ ਵਿਰੋਧੀ ਨੀਤੀਆਂ ਲਾਗੂ ਕਰ ਰਹੀਆਂ ਹਨ ਅਤੇ ਮਗਨਰੇਗਾ ਕਾਨੂੰਨ ਨੂੰ ਖ਼ਤਮ ਕਰਨਾ, ਨਵੇਂ ਕਿਰਤ ਕਾਨੂੰਨ ਤੇ ਬਿਜਲੀ ਬਿੱਲ ਭਾਜਪਾ ਦੀ ਮੰਨੂਵਾਦੀ ਸੋਚ ਦਾ ਨਤੀਜਾ ਹੈ | ਉਨ੍ਹਾਂ ਦੱਸਿਆ ਕਿ ਮਗਨਰੇਗਾ ਰੋਜ਼ਗਾਰ ਦੀ ਰਾਖੀ ਲਈ ਅਤੇ ਨਵੇਂ ਕਿਰਤ ਕਾਨੂੰਨਾਂ ਖ਼ਿਲਾਫ਼ ਪੰਜਾਬ ਭਰ ਦੇ ਮਜ਼ਦੂਰਾਂ ਨੂੰ ਲਾਮਬੰਦ ਕਰ ਕੇ 28 ਫਰਵਰੀ ਨੂੰ ਦਾਣਾ ਮੰਡੀ ਬਰਨਾਲਾ ਵਿਖੇ ਵਿਸ਼ਾਲ ਮਜ਼ਦੂਰ ਰੈਲੀ ਕੀਤੀ ਜਾਵੇਗੀ | ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਸੂਬਾ ਆਗੂ ਸੱਤਪਾਲ ਸਿੰਘ ਬਹਿਣੀਵਾਲ, ਜ਼ਿਲ੍ਹਾ ਆਗੂ ਬਲਕਾਰ ਸਿੰਘ, ਗੁਰਜੰਟ ਸਿੰਘ ਫਫੜੇ, ਰਾਣੀ ਕੌਰ, ਗੁਰਲਾਲ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ |