ਬਰੇਟਾ, 28 ਜਨਵਰੀ (ਜੀਵਨ ਸ਼ਰਮਾ)- ਭਾਵੇਂ ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਰਵਾਇਤੀ ਫ਼ਸਲਾਂ ਨੂੰ ਛੱਡ ਕੇ ਖੇਤੀ ਭਵਿੰਨਤਾ ਲਿਆਉਣ ਦੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਇਹ ਬਰੇਟਾ ਖੇਤਰ 'ਚ ਸਿਰਫ਼ ਫੋਕੇ ਹੀ ਸਾਬਤ ਹੋਏ ਹਨ | ਕਿਸੇ ਵੇਲੇ ਏਧਰ ਗੰਨੇ ਦੀ ਫ਼ਸਲ ਕਿਸਾਨਾਂ ਵੱਲੋਂ ਬੜੇ ਉਤਸ਼ਾਹ ਨਾਲ ਬੀਜੀ ਜਾਂਦੀ ਸੀ ਅਤੇ ਉਹ ਮੁਨਾਫ਼ਾ ਵੀ ਵਧੀਆ ਕਮਾਉਂਦੇ ਸਨ | ਇਸ ਦੇ ਨਾਲ ਹੀ ਤਾਜ਼ੇ ਗੁੜ ਤੇ ਰਸ ਦਾ ਸੁਆਦ ਚੱਖਣ ਨੂੰ ਮਿਲਦਾ ਸੀ ਪ੍ਰੰਤੂ ਸਮੇਂ ਦੇ ਬਦਲਦੇ ਬਦਲਦੇ ਇਹ ਫ਼ਸਲ ਖੇਤਰ ਵਿਚੋਂ ਗ਼ਾਇਬ ਹੀ ਹੋ ਗਈ | ਸਿਰਫ਼ ਇਕਾ ਦੁੱਕਾ ਕਿਸਾਨ ਹੀ ਗੰਨੇ ਦੀ ਕਾਸ਼ਤ ਆ ਰਹੇ ਹਨ | ਕਾਸ਼ਤਕਾਰਾਂ ਦਾ ਕਹਿਣਾ ਹੈ ਕਿ ਕਿ ਗੰਨੇ ਦੀ ਫ਼ਸਲ ਵੱਲ ਸਰਕਾਰ ਦਾ ਉੱਕਾ ਹੀ ਧਿਆਨ ਨਹੀਂ ਅਤੇ ਨਾ ਹੀ ਗੰਨਾ ਕਾਸ਼ਤਕਾਰਾਂ ਦੀ ਕੋਈ ਮਦਦ ਕੀਤੀ ਜਾਂਦੀ ਹੈ | ਕਾਬਲੇ-ਗ਼ੌਰ ਰਹੇ ਅਕਾਲੀ-ਭਾਜਪਾ ਸਰਕਾਰ ਮੌਕੇ ਨੇੜਲੇ ਬੁਢਲਾਡਾ ਸ਼ਹਿਰ 'ਚ ਚੱਲਦੀ ਗੰਨਾ ਮਿੱਲ ਵੀ ਬੰਦ ਹੋ ਗਈ ਅਤੇ ਗੁੜ ਲਈ ਕੋਈ ਸਰਕਾਰੀ ਜਾਂ ਨਿੱਜੀ ਘੁਲਾੜ ਦਾ ਵੀ ਪ੍ਰਬੰਧ ਨਹੀਂ ਹੋਇਆ | ਦੂਸਰੇ ਇਲਾਕਿਆਂ 'ਚ ਕਿਸਾਨਾਂ ਨੂੰ ਗੰਨਾ ਵੇਚਣਾ ਵੀ ਬਹੁਤ ਔਖਾ ਹੋ ਜਾਂਦਾ ਹੈ ਕਿਉਂਕਿ ਫ਼ਸਲ 'ਤੇ ਖ਼ਰਚ ਹੋਈ ਰਾਸ਼ੀ ਵੀ ਸਮੇਂ ਸਿਰ ਨਹੀਂ ਮਿਲਦੀ | ਕਿਸਾਨਾਂ ਦੀ ਮੰਗ ਹੈ ਕਿ ਖੇਤੀਬਾੜੀ ਵਿਭਾਗ ਗੰਨੇ ਦਾ ਵਧੀਆ ਬੀਜ ਮੁਹੱਈਆ ਕਰਵਾਏ ਅਤੇ ਸਿਖਲਾਈ ਕੈਂਪ ਲਗਾ ਕੇ ਜਾਗਰੂਕ ਵੀ ਕਰੇ ਤਾਂ ਕਿ ਉਹ ਖੇਤੀ ਭਵਿੰਨਤਾ ਨੂੰ ਅਪਣਾਉਣ |